ਕੈਪਟਨ ਵਲੋਂ ਹਵਾਲਾਤੀ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਜਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

532 ਕਿਲੋਗ੍ਰਾਮ ਹੈਰੋਇਨ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਗੁਰਪਿੰਦਰ ਸਿੰਘ 

Captain Amarinder Singh has ordered a magisterial inquiry into the death in custody

ਚੰਡੀਗੜ੍ਹ : ਅਟਾਰੀ ਸਰਹੱਦ 'ਤੇ ਲੂਣ ਵਿਚ ਲੁਕਾ ਕੇ ਭਾਰਤ ਭੇਜੀ 532 ਕਿਲੋਗ੍ਰਾਮ ਹੈਰੋਇਨ ਮਾਮਲੇ 'ਚ ਗ੍ਰਿਫ਼ਤਾਰ ਗੁਰਪਿੰਦਰ ਸਿੰਘ ਦੀ ਪੁਲਿਸ ਹਿਰਾਸਤ ਵਿਚ ਮੌਤ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਕੈਪਟਨ ਨੇ ਕਾਰਜਕਾਰੀ ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਅਗਰਵਾਲ ਨੂੰ ਗੁਰਪਿੰਦਰ ਸਿੰਘ ਦੀ ਹਸਪਤਾਲ 'ਚ ਹੋਈ ਮੌਤ ਦੀ ਪੂਰੀ ਜਾਂਚ ਰਿਪੋਰਟ ਛੇਤੀ ਤੋਂ ਛੇਤੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਹਰ ਪਹਿਲੂ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇ।

ਮੈਜਿਸਟ੍ਰੇਟੀ ਜਾਂਚ ਤਹਿਤ ਗੁਰਪਿੰਦਰ ਸਿੰਘ ਦੇ ਪੋਸਟਮਾਰਟਮ ਲਈ ਡਾਕਟਰਾਂ ਦੇ ਉੱਚ ਪਧਰੀ ਬੋਰਡ ਦਾ ਗਠਨ ਕੀਤਾ ਗਿਆ ਹੈ ਅਤੇ ਸੀਆਰਪੀਸੀ ਦੀ ਧਾਰਾ ਅਧੀਨ ਜਾਂਚ ਚੱਲ ਰਹੀ ਹੈ। ਉਧਰ ਮ੍ਰਿਤਕ ਦੀ ਮਾਂ ਨੇ ਪੁਲਿਸ ਉਤੇ ਗੰਭੀਰ ਦੋਸ਼ ਲਾਏ ਹਨ। ਮਾਂ ਦਾ ਕਹਿਣਾ ਹੈ ਕਿ ਉਸ ਦੇ ਪੁੱਤ ਦਾ ਕੋਈ ਕਸੂਰ ਨਹੀਂ। ਉਸ ਨੂੰ ਪਾਕਿਸਤਾਨ ਤੋਂ ਆਏ ਸਾਮਾਨ ਵਿਚ ਨਸ਼ੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਸਾਮਾਨ ਵਿਚੋਂ ਨਸ਼ਾ ਮਿਲਣ ਉਤੇ ਪੁਲਿਸ ਨੇ ਉਸ ਨੂੰ ਬੁਲਾਇਆ ਸੀ ਤਾਂ ਉਹ ਉਸੇ ਸਮੇਂ ਚਲਾ ਗਿਆ ਸੀ। ਜੇ ਉਸ ਦੇ ਮਨ ਵਿਚ ਚੋਰ ਹੁੰਦਾ ਤਾਂ ਉਹ ਪੁਲਿਸ ਕੋਲ ਜਾਂਦਾ ਹੀ ਕਿਉਂ।

ਗੁਰਪਿੰਦਰ ਦੀ ਮਾਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਤੋਂ ਆਇਆ ਮਾਲ ਤਿੰਨ ਦਿਨ ਸਰਹੱਦ ਉਤੇ ਪਿਆ ਰਿਹਾ। ਚੌਥੇ ਦਿਨ ਪੁਲਿਸ ਨੇ ਸਾਮਾਨ ਵਿਚੋਂ ਨਸ਼ਾ ਬਰਾਮਦ ਕਰਨ ਦਾ ਦਾਅਵਾ ਕਰ ਦਿੱਤਾ। ਉਸ ਨੇ ਕਿਹਾ ਕਿ ਪੁਲਿਸ ਨੇ ਉਸ ਦੇ ਦੋਵੇਂ ਪੁੱਤਰਾਂ ਨੂੰ ਹਿਰਾਸਤ ਵਿਚ ਲਿਆ ਹੋਇਆ ਸੀ। ਜਿਸ ਵਿਚੋਂ ਇਕ ਦੀ ਮੌਤ ਹੋ ਗਈ ਅਤੇ ਦੂਜਾ ਅਜੇ ਵੀ ਪੁਲਿਸ ਦੀ ਹਿਰਾਸਤ ਵਿਚ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਮੁੰਡੇ ਦੀ ਮੌਤ ਹੋਣ ਦੇ ਬਾਵਜੂਦ ਇਸ ਨੂੰ ਸਿਰਫ਼ ਇਹੀ ਦੱਸਿਆ ਗਿਆ ਕਿ ਉਹ ਬਿਮਾਰ ਹੈ।

ਜ਼ਿਕਰਯੋਗ ਹੈ ਕਿ ਕਸਟਮ ਵਿਭਾਗ ਵਲੋਂ ਇੰਟੀਗ੍ਰੇਟਿਡ ਚੈੱਕ ਪੋਸਟ (ਆਈ.ਪੀ.ਸੀ.) ਅਟਾਰੀ 'ਤੇ ਇਕ ਟਰੱਕ 'ਚੋਂ 2700 ਕਰੋੜ ਰੁਪਏ ਦੀ (532 ਕਿਲੋਗ੍ਰਾਮ) ਹੈਰੋਇਨ ਬਰਾਮਦ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਲੂਣ ਵਪਾਰੀ ਗੁਰਪਿੰਦਰ ਸਿੰਘ ਬੱਬਰ (29) ਦੀ ਅੱਜ ਬੀਮਾਰੀ ਕਾਰਨ ਸਿਵਲ ਹਸਪਤਾਲ 'ਚ ਮੌਤ ਹੋ ਗਈ। ਗੁਰਪਿੰਦਰ ਸਿੰਘ ਪਾਕਿਸਤਾਨ ਤੋਂ ਸਾਮਾਨ ਦੀ ਦਰਾਮਦ ਕਰਨ ਦਾ ਲਾਈਸੰਸ ਧਾਰਕ ਸੀ।  ਕੌਮਾਂਤਰੀ ਬਾਜ਼ਾਰ ਵਿਚ ਨਸ਼ੇ ਦੀ ਇਸ ਵੱਡੀ ਖੇਪ ਦੀ ਕੀਮਤ 2700 ਕਰੋੜ ਤੋਂ ਵੀ ਵੱਧ ਦੱਸੀ ਗਈ ਸੀ। ਇਸ ਲੂਣ ਦਾ ਆਰਡਰ ਗੁਰਪਿੰਦਰ ਸਿੰਘ ਦੀ ਕੰਪਨੀ ਕਨਿਸ਼ਕ ਇੰਟਰਪ੍ਰਾਈਜ਼ਸ ਤੋਂ ਹੀ ਕੀਤਾ ਗਿਆ ਸੀ। ਪਾਕਿਸਤਾਨੀ ਲੂਣ ਦੇ 600 ਥੈਲਿਆਂ ਵਿਚ ਹੈਰੋਇਨ ਤੋਂ ਇਲਾਵਾ ਲੁਕਾ ਕੇ ਰੱਖੇ 52 ਕਿਲੋਗ੍ਰਾਮ ਹੋਰ ਰਲਵੇਂ-ਮਿਲਵੇਂ ਨਸ਼ੀਲੇ ਪਦਾਰਥ ਵੀ ਫੜੇ ਗਏ ਸਨ।