ਕੈਪਟਨ ਦੀ ਕੇਂਦਰ ਵੱਲ ਚਿੱਠੀ, ਆੜ੍ਹਤੀਆਂ ਦੇ ਕਮਿਸ਼ਨ ਸਬੰਧੀ ਪੁਰਾਣੀ ਨੀਤੀ ਬਹਾਲ ਕਰਨ ਦੀ ਕੀਤੀ ਮੰਗ!
ਕੇਂਦਰੀ ਮੰਤਰੀ ਵੱਲ ਰਾਮ ਵਿਲਾਸ ਪਾਸਵਾਨ ਵੱਲ ਲਿਖੀ ਚਿੱਠੀ
ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਆੜ੍ਹਤੀਆਂ ਨੂੰ ਉੱਕਾ-ਪੁੱਕਾ ਕਮਿਸ਼ਨ ਦੇਣ ਫ਼ੈਸਲੇ ਖਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆੜ੍ਹਤੀਆਂ ਦੇ ਹੱਕ 'ਚ ਨਿਤਰ ਆਏ ਹਨ। ਮੁੱਖ ਮੰਤਰੀ ਨੇ ਇਸ ਸਬੰਧੀ ਕੇਂਦਰੀ ਖਪਤਕਾਰ ਮਾਮਲਿਆਂ, ਖ਼ੁਰਾਕ ਤੇ ਜਨਤਕ ਵੰਡ ਮੰਤਰੀ ਰਾਮ ਵਿਲਾਸ ਪਾਸਵਾਨ ਵੱਲ ਪੱਤਰ ਲਿਖਿਆ ਹੈ। ਇਸ ਪੱਤਰ ਜ਼ਰੀਏ ਮੁੱਖੀ ਮੰਤਰੀ ਨੇ ਕੇਂਦਰੀ ਮੰਤਰੀ ਸਰਕਾਰ ਤੋਂ ਆੜ੍ਹਤੀਆਂ ਨੂੰ ਜਿਣਸਾਂ 'ਤੇ ਮਿਲਦੀ ਕਮਿਸ਼ਨ ਦੀ ਪੁਰਾਣੀ ਨੀਤੀ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਾੜ੍ਹੀ ਦੇ ਸੀਜ਼ਨ 'ਚ ਕੇਂਦਰ ਵਲੋਂ ਆੜ੍ਹਤੀਆਂ ਨੂੰ ਦਿਤਾ ਉੱਕਾ-ਪੁੱਕਾ ਕਮਿਸ਼ਨ ਕਾਨੂੰਨੀ ਉਪਬੰਧ ਦੇ ਉਲਟ ਹੈ। ਪਹਿਲਾਂ ਆੜ੍ਹਤੀਆਂ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ 2.5 ਫ਼ੀਸਦੀ ਕਮਿਸ਼ਨ ਦਿਤਾ ਜਾਂਦਾ ਸੀ।
ਕੇਂਦਰੀ ਮੰਤਰੀ ਨੂੰ ਸੁਚੇਤ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਆੜ੍ਹਤੀਆਂ ਅੰਦਰ ਬੇਚੈਨੀ ਪਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ ਖ਼ਰੀਦ ਪ੍ਰਕਿਰਿਆ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਹਾੜ੍ਹੀ ਦੇ ਮਾਰਕੀਟਿੰਗ ਸੀਜ਼ਨ 2020-21 ਲਈ ਆਰਜ਼ੀ ਕੀਮਤ ਤਾਲਿਕਾ ਨੂੰ ਸੋਧਿਆ ਜਾਵੇ। ਮੁੱਖ ਮੰਤਰੀ ਨੇ ਪੱਤਰ ਵਿਚ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਆੜ੍ਹਤੀਆਂ ਵਿਚ ਬੇਚੈਨੀ ਪਾਈ ਜਾ ਰਹੀ ਹੈ।
ਕਾਬਲੇਗੌਰ ਹੈ ਕਿ ਕੇਂਦਰ ਸਰਕਾਰ ਵਲੋਂ ਪਿਛਲੇ ਦਿਨਾਂ ਦੌਰਾਨ ਕਿਸਾਨੀ ਮੁੱਦਿਆਂ 'ਤੇ ਕੀਤੇ ਜਾ ਰਹੇ ਫ਼ੈਸਲਿਆਂ ਨੂੰ ਲੈ ਕੇ ਪੰਜਾਬ ਅੰਦਰ ਕਿਸਾਨਾਂ ਦੇ ਨਾਲ ਨਾਲ ਆੜ੍ਹਤੀਆਂ ਅੰਦਰ ਵੀ ਰੋਸ ਪਾਇਆ ਜਾ ਰਿਹਾ ਹੈ। ਕੇਂਦਰ ਦੇ ਆਰਡੀਨੈਂਸਾਂ ਖਿਲਾਫ਼ ਕਿਸਾਨ ਪਹਿਲਾਂ ਹੀ ਸੜਕਾਂ 'ਤੇ ਉਤਰ ਆਏ ਹਨ। ਇਸੇ ਦੌਰਾਨ ਆੜ੍ਹਤੀਆਂ ਅੰਦਰ ਵੀ ਕੇਂਦਰ ਦੇ ਫ਼ੈਸਲੇ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।