ਭਾਜਪਾ ਆਗੂ ਸਰਚਾਂਦ ਸਿੰਘ ਖਿਆਲਾ ਨੇ ਜੇਪੀ ਨੱਡਾ ਨੂੰ ਲਿਖਿਆ ਪੱਤਰ, ਪੰਜਾਬੀਆਂ ਦੀ ਨਬਜ਼ ਪਛਾਣਨ ਦੀ ਲੋੜ ’ਤੇ ਦਿੱਤਾ ਜ਼ੋਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਪੰਜਾਬੀਆਂ ਦੀਆਂ ਨਜ਼ਰਾਂ ਭਾਜਪਾ ’ਤੇ ਹਨ ਅਤੇ ਉਹ ਇਸ ਨੂੰ ਸਿਆਸੀ ਬਦਲ ਵਜੋਂ ਦੇਖ ਰਹੇ ਹਨ। ਇਹ ਭਾਜਪਾ ਲਈ ਸੁਨਹਿਰੀ ਮੌਕਾ ਹੈ।

BJP leader Sarchand Singh Khiala wrote a letter to JP Nadda



ਚੰਡੀਗੜ੍ਹ:  ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਪੱਤਰ ਲਿਖ ਕੇ ਪੰਜਾਬ ਭਾਜਪਾ ਦੇ ਕੁਝ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਪੰਥ ਦੀਆਂ ਉੱਘੀਆਂ ਸਖਸ਼ੀਅਤਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਹੈ। ਇਸ ਪੱਤਰ ਵਿਚ ਉਹਨਾਂ ਨੇ ਭਾਜਪਾ ਨੂੰ ਪੰਜਾਬ ਵਿਚ ਮਜ਼ਬੂਤ ਕਰਨ ਲਈ ਸਿੱਖ ਪੰਥ ਅਤੇ ਪੰਜਾਬੀਆਂ ਦੀ ਨਬਜ਼ ਪਛਾਣਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਪੰਜ ਪੰਨਿਆਂ ਦੇ ਪੱਤਰ ’ਚ ਸਰਚਾਂਦ ਸਿੰਘ ਨੇ ਕਿਹਾ ਕਿ ਪੰਜਾਬ ਇਕ ਸਰਹੱਦੀ ਅਤੇ ਸਿੱਖ ਬਹੁਗਿਣਤੀ ਵਾਲਾ ਖੇਤਰ ਹੈ ਅਤੇ ਇੱਥੇ ਧਾਰਮਿਕ ਭਾਵਨਾਵਾਂ ਦਾ ਵਿਸ਼ੇਸ਼ ਸਥਾਨ ਹੈ।

ਉਹਨਾਂ ਕਿਹਾ, “ਬਾਦਲ ਪਰਿਵਾਰ ਵੱਲੋਂ ਭਾਜਪਾ ਨਾਲ ਸਾਂਝ ਪਾ ਕੇ ਕੀਤੇ ਗਏ  ਰਾਜ ਦੌਰਾਨ ਪੰਜਾਬ ਦਾ ਮਿਸਾਲੀ ਵਿਕਾਸ ਹੋਣ ਦੇ ਬਾਵਜੂਦ ਪੰਜਾਬ ਦੇ ਮਸਲਿਆਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰਨ ਨਾਲ, ਅੱਜ ਸਿੱਖ ਕੌਮ ਵੱਲੋਂ ਬਾਦਲਾਂ ਨੂੰ ਸਿਆਸੀ ਹਾਸ਼ੀਏ ਤੋਂ ਬਾਹਰ ਰੱਖਿਆ ਜਾਣਾ ਧਾਰਮਿਕ ਮਾਮਲਿਆਂ ਪ੍ਰਤੀ ਸਿੱਖਾਂ ਦੀ ਜ਼ੀਰੋ ਸਹਿਣਸ਼ੀਲਤਾ ਦਾ ਸਬੂਤ ਹੈ। ਭਾਜਪਾ ਦਾ ਵੀ ਇਹੀ ਏਜੰਡਾ ਹੈ, ਜਿਨ੍ਹਾਂ ਨੇ ਇਸਲਾਮ ਦੇ ਪੈਗੰਬਰ ਬਾਰੇ ਵਿਵਾਦਿਤ ਟਿੱਪਣੀ ਕਰਨ ਲਈ ਪਾਰਟੀ ਦੀ ਬੁਲਾਰਨ ਨੂਪੁਰ ਸ਼ਰਮਾ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਕਿਸੇ ਵੀ ਧਰਮ ਜਾਂ ਧਾਰਮਿਕ ਵਿਅਕਤੀ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ”।

JP Nadda

ਸਰਚਾਂਦ ਸਿੰਘ ਨੇ ਕਿਹਾ ਕਿ ਕਿ ਜੇਕਰ ਅਸੀਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਨਾ ਕੀਤਾ ਤਾਂ ਪੰਜਾਬ ’ਚ ਵੀ ਨੂਪੁਰ ਸ਼ਰਮਾ ਵਰਗੀ ਘਟਨਾ ਦੇਖਣੀ ਪੈ ਸਕਦੀ ਹੈ। ਉਹਨਾਂ ਲਿਖਿਆ ਕਿ ਆਪਣੇ 8 ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਲਾਂਘੇ, ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ, ਵੀਰ ਬਾਲ ਦਿਵਸ, ਸ਼ਤਾਬਦੀ ਗੁਰਪੁਰਬ ਮਨਾਉਣ ਅਤੇ ਕੁਝ ਸਿੱਖ ਕੈਦੀਆਂ ਦੀ ਰਿਹਾਈ ਵਰਗੇ ਸਿੱਖ ਭਾਈਚਾਰੇ ਲਈ ਕਈ ਅਹਿਮ ਕਦਮ ਚੁੱਕੇ ਹਨ, ਜੋ ਸਿੱਖਾਂ ’ਚ ਮੋਦੀ ਅਤੇ ਭਾਜਪਾ ਪ੍ਰਤੀ ਵਿਸ਼ਵਾਸ ਪੈਦਾ ਕੀਤਾ ਹੈ।

BJP

ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿਚ ਪਾਰਟੀ ਦੀ ਕਮਾਨ ਕਿਸੇ ਸਿੱਖ ਵਿਅਕਤੀ ਨੂੰ ਸੌਂਪੀ ਜਾਵੇ ਤਾਂ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਜਾ ਸਕੇਗਾ ਕਿ ਕੇਂਦਰ ਅਤੇ ਭਾਜਪਾ ਸਿੱਖਾਂ ਦੇ ਹਿੱਤਾਂ ਅਤੇ ਇੱਛਾਵਾਂ ਦੀ ਪੂਰਤੀ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਦੇਸ਼ ਦੀਆਂ ਅਹਿਮ ਪ੍ਰਾਪਤੀਆਂ ਦੇ ਬਾਵਜੂਦ ਪੰਜਾਬ ਡੂੰਘੀ ਨਿਰਾਸ਼ਾ ਵਿਚ ਹੈ। ਅਜਿਹੀ ਸਥਿਤੀ ਦੇ ਚਲਦਿਆਂ ਪੰਜਾਬੀਆਂ ਦੀਆਂ ਨਜ਼ਰਾਂ ਭਾਜਪਾ ’ਤੇ ਹਨ ਅਤੇ ਉਹ ਇਸ ਨੂੰ ਸਿਆਸੀ ਬਦਲ ਵਜੋਂ ਦੇਖ ਰਹੇ ਹਨ। ਇਹ ਭਾਜਪਾ ਲਈ ਸੁਨਹਿਰੀ ਮੌਕਾ ਹੈ। ਜੇਕਰ ਭਾਜਪਾ ਨੇ ਪੰਜਾਬ, ਪੰਜਾਬੀਆਂ ਅਤੇ ਸਿੱਖਾਂ ਦੀ ਨਬਜ਼ ਪਛਾਣ ਲਈ ਤਾਂ ਪੰਜਾਬ ਵਿਚ ਭਾਜਪਾ ਦਾ ਕਮਲ ਖਿੜਨ ਤੋਂ ਕੋਈ ਨਹੀਂ ਰੋਕ ਸਕਦਾ।