ਗੁਰਦਾਸਪੁਰ : ਕਾਰਜਵਾਹਕ ਜ਼ਿਲ੍ਹਾ ਖਜ਼ਾਨਾ ਅਫ਼ਸਰ ਮੋਹਨ ਦਾਸ ਮੁਅੱਤਲ
ਡਿਊਟੀ 'ਚ ਕੁਤਾਹੀ ਕਰਨ ਦੇ ਚਲਦੇ ਹੋਈ ਕਾਰਵਾਈ
ਕਥਿਤ ਤੌਰ 'ਤੇ ਨਸ਼ੇ 'ਚ ਕੁਰਸੀ 'ਤੇ ਬੇਸੁੱਧ ਪਏ ਦੀ ਵੀਡੀਉ ਹੋਈ ਸੀ ਵਾਇਰਲ
ਗੁਰਦਾਸਪੁਰ : ਜ਼ਿਲ੍ਹੇ ਵਿਚ ਤੈਨਾਤ ਸੁਪਰੀਡੈਂਟ ਗ੍ਰੇਡ ਦੋ ਦੇ ਕਾਰਜਵਾਹਕ ਖਜ਼ਾਨਾ ਅਫ਼ਸਰ ਮੋਹਨ ਦਾਸ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਵਿਭਾਗ ਵਲੋਂ ਇਹ ਕਾਰਵਾਈ ਡਿਊਟੀ ਵਿਚ ਕੁਤਾਹੀ ਕਰਨ ਦੇ ਚਲਦੇ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਕ ਵੀਡੀਉ ਵਾਇਰਲ ਹੋਈ ਸੀ ਜਿਸ ਵਿਚ ਜ਼ਿਲ੍ਹਾ ਖਜ਼ਾਨਾ ਅਫ਼ਸਰ ਕਥਿਤ ਤੌਰ 'ਤੇ ਨਸ਼ੇ ਵਿਚ ਕੁਰਸੀ 'ਤੇ ਬੇਸੁੱਧ ਪਿਆ ਨਜ਼ਰ ਆ ਰਿਹਾ ਸੀ। ਦਸਿਆ ਜਾ ਰਿਹਾ ਹੈ ਕਿ ਡਿਊਟੀ ਦੌਰਾਨ ਇਹ ਮੁਲਾਜ਼ਮ ਨਸ਼ੇ ਦੀ ਹਾਲਤ ਵਿਚ ਸੀ। ਲੋਕ ਅਪਣੇ ਕੰਮ ਕਰਵਾਉਣ ਲਈ ਦਫਤਰ ਵਿਖੇ ਆਉਂਦੇ ਹਨ ਪਰ ਉਥੇ ਅਪਣੀ ਡਿਊਟੀ ਦੌਰਾਨ ਇਹ ਮੁਲਾਜ਼ਮ ਮੌਜੂਦ ਨਹੀਂ ਸੀ ਸਗੋਂ ਇਕ ਖੋਖੇ 'ਤੇ ਕੁਰਸੀ 'ਤੇ ਬੇਸੁੱਧ ਪਿਆ ਹੋਇਆ ਸੀ।
ਇਹ ਵੀ ਪੜ੍ਹੋ: ਜਾਰਡਨ ਵਿਖੇ ਪੰਜਾਬ ਦੇ ਪੁੱਤ ਨੇ ਏਸ਼ੀਆਈ ਖੇਡਾਂ ’ਚ ਵਧਾਇਆ ਦੇਸ਼ ਦਾ ਮਾਣ
ਵੀਡੀਉ ਵਾਇਰਲ ਹੋਣ ਦੇ ਬਾਅਦ ਪੰਜਾਬ ਸਰਕਾਰ ਵਲੋਂ ਇਸ ਅਧਿਕਾਰੀ ਵਿਰੁਧ ਕਾਰਵਾਈ ਕੀਤੀ ਗਈ ਹੈ ਅਤੇ ਤੁਰਤ ਪ੍ਰਭਾਵ ਨਾਲ ਨੌਕਰੀ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਇਹ ਅਧਿਕਾਰੀ ਜ਼ਿਲ੍ਹਾ ਖਜ਼ਾਨਾ ਦਫ਼ਤਰ ਦੇ ਬਾਹਰ ਪੈਨਸ਼ਨ ਆਦਿ ਦੀਆਂ ਫਾਈਲਾਂ ਤਿਆਰ ਕਰਨ ਵਾਲੇ ਇਕ ਵਿਅਕਤ ਦੇ ਖੋਖੇ ਦੀ ਕੁਰਸੀ ਤੇ ਬੇਸੁੱਧ ਹੋਇਆ ਪਿਆ ਸੀ ਕਿ ਕਿਸੇ ਵਲੋਂ ਇਸ ਦੀ ਵੀਡੀਉ ਬਣਾ ਕੇ ਵਾਇਰਲ ਕਰ ਦਿਤੀ ਗਈ।
ਸੋਸ਼ਲ ਮੀਡੀਆ 'ਤੇ ਵੀਡੀਉ ਵਾਇਰਲ ਹੋਣ ਮਗਰੋਂ ਖਜ਼ਾਨਾ ਅਫ਼ਸਰ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਡਿਪਟੀ ਡਾਇਰੈਕਟਰ ਖਜ਼ਾਨਾ ਅਤੇ ਲੇਖਾ ਪੰਜਾਬ ਵਲੋਂ ਜਾਰੀ ਕੀਤੇ ਗਏ ਇਸ ਪੱਤਰ ਵਿਚ ਕਿਹਾ ਹੈ ਕਿ ਦੋਸ਼ ਸੂਚੀ ਸਬੰਧਤ ਖਜ਼ਾਨਾ ਅਧਿਕਾਰੀ ਨੂੰ ਅਲੱਗ ਤੋਂ ਭੇਜੀ ਜਾ ਰਹੀ ਹੈ ਅਤੇ ਮੁਅਤਲੀ ਦੌਰਾਨ ਉਸ ਦਾ ਹੈਡ ਕਵਾਟਰ ਜਲੰਧਰ ਦੇ ਖਜ਼ਾਨਾ ਦਫ਼ਤਰ ਵਿਖੇ ਤੈਅ ਕੀਤਾ ਗਿਆ ਹੈ।