ਸ਼੍ਰੋਮਣੀ ਕਮੇਟੀ ਨੇ ਕੇਰਲਾ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਟੀਮ ਭੇਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਰਲ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਪ੍ਰਭਾਵਤ ਹੋਏ ਲੋਕਾਂ ਦੀ ਸਹਾਇਤਾ ਲਈ ਸਿੱਖਾਂ ਦੀ ਪ੍ਰਤੀਨਿਧ ਧਾਰਮਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ................

SGPC Members

ਅੰਮ੍ਰਿਤਸਰ : ਕੇਰਲ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਪ੍ਰਭਾਵਤ ਹੋਏ ਲੋਕਾਂ ਦੀ ਸਹਾਇਤਾ ਲਈ ਸਿੱਖਾਂ ਦੀ ਪ੍ਰਤੀਨਿਧ ਧਾਰਮਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ  ਕੇਰਲਾ ਲਈ ਟੀਮ ਭੇਜੀ ਗਈ ਹੈ। ਇਸ ਵਿਚ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਵਧੀਕ ਮੈਨੇਜਰ ਸ. ਸੁਖਬੀਰ ਸਿੰਘ ਤੇ ਸ. ਹਰਪ੍ਰੀਤ ਸਿੰਘ ਸਮੇਤ 35 ਦੇ ਕਰੀਬ ਮੁਲਾਜਮ ਸ਼ਾਮਲ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਦਰਤੀ ਆਫਤਾਂ ਸਮੇਂ ਹਮੇਸ਼ਾਂ ਹੀ ਦੁਖੀ ਲੋਕਾਂ ਦੀ ਮੱਦਦ ਕਰਦੀ ਰਹੀ ਹੈ ।

 ਇਸੇ ਤਹਿਤ ਹੀ ਭਾਈ ਗੋਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕੇਰਲਾ 'ਚ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੇਰਲਾ ਵਿਚ ਵੱਖ ਵੱਖ ਥਾਵਾਂ 'ਤੇ ਰਾਹਤ ਕੈਂਪ ਲਗਾਏ ਜਾਣਗੇ ਅਤੇ ਪੀੜਤਾਂ ਲਈ ਲੰਗਰ, ਬਸਤਰ ਅਤੇ ਮੁਢਲੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ। ਡਾ. ਰੂਪ ਸਿੰਘ ਅਨੁਸਾਰ ਬੇਸ਼ੱਕ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਕੈਂਪਾਂ ਵਿਚ ਹੀ ਲੰਗਰ ਤਿਆਰ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ ਪਰ ਲੰਗਰ ਲਈ ਲੋੜੀਂਦਾ ਸਮਾਨ ਇਥੋਂ ਹੀ ਭੇਜਿਆ ਜਾਵੇਗਾ।

ਅੱਜ ਭੇਜੇ ਗਏ ਸਮਾਨ ਵਿਚ ਆਟਾ, ਖੰਡ, ਸੁੱਕਾ ਦੁੱਧ, ਦਾਲਾਂ, ਚੌਲ, ਮਸਾਲੇ, ਸਾਬਣ, ਪੇਸਟ ਤੇ ਟੁੱਥ ਬੁਰਸ਼ ਆਦਿ ਸ਼ਾਮਲ ਹੈ ਅਤੇ ਇਸ ਤੋਂ ਇਲਾਵਾ ਦਵਾਈਆਂ ਵੀ ਭੇਜੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਦੁਖੀ ਤੇ ਲੋੜਵੰਦ ਲੋਕਾਂ ਦੀ ਮੱਦਦ ਕਰਨਾ ਸਿੱਖਾਂ ਦਾ ਧਰਮ ਕਰਤੱਵ ਹੈ ਅਤੇ ਸਿੱਖ ਹਮੇਸ਼ਾ ਗੁਰੂ ਦਰਸਾਏ ਮਾਰਗ ਅਨੁਸਾਰ ਹਰ ਮੁਸ਼ਕਿਲ ਸਮੇਂ ਮੋਹਰੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੇਰਲਾ ਵਿਚ ਹੜ੍ਹਾਂ ਦੌਰਾਨ ਪ੍ਰਭਾਵਤ ਹੋਏ ਲੋਕਾਂ ਦੀ ਸਹਾਇਤਾ ਲਈ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।