ਕੈਪਟਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਮੋਦੀ ਸਰਕਾਰ ਤੋਂ ਮੰਗੇ 1000 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਭਾਵਤ ਪਿੰਡਾਂ ਵਿਚ ਬਚਾਉ ਤੇ ਰਾਹਤ ਕਾਰਜਾਂ ਵਿਚ ਹੋਰ ਤੇਜ਼ੀ ਲਿਆਉਣ ਦੇ ਦਿੱਤੇ ਆਦੇਸ਼

Capt Amarinder writes to PM Modi for 1000 cr. special flood relief fackage

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਹੜ ਪੀੜਤਾਂ ਲਈ ਵੱਡੇ ਪੱਧਰ ’ਤੇ ਬਚਾਓ ਤੇ ਰਾਹਤ ਕਾਰਜ ਚਲਾਉਣ ਦੇ ਨਾਲ-ਨਾਲ ਸੂਬੇ ਦੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ 1000 ਕਰੋੜ ਰੁਪਏ ਦਾ ਵਿਸ਼ੇਸ਼ ਹੜ ਰਾਹਤ ਪੈਕੇਜ ਮੰਗਿਆ ਹੈ ਤਾਂ ਜੋ ਹੜਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਵੀ ਮੰਗ ਕੀਤੀ ਹੈ ਕਿ ਉਹ ਮੌਜੂਦਾ ਫਸਲੀ ਸੀਜ਼ਨ ਦੌਰਾਨ ਪ੍ਰਭਾਵਿਤ ਹੋਏ ਪਿੰਡਾਂ ਦੇ ਪੀੜਤ ਕਿਸਾਨਾਂ ਦੇ ਬੈਂਕਾਂ/ਵਿੱਤ ਸੰਸਥਾਵਾਂ ਤੋਂ ਲਏ ਫਸਲੀ ਕਰਜ਼ਿਆਂ ਨੂੰ ਮੁਆਫ ਕਰਨ ਲਈ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਵੀ ਹਦਾਇਤਾਂ ਦੇਣ।

ਮੁੱਖ ਮੰਤਰੀ ਨੇ ਕਿਹਾ ਕਿ 1958 ਤੋਂ ਬਾਅਦ ਹੁਣ ਤੱਕ ਦਾ ਭਾਖੜਾ ਡੈਮ ਵਿੱਚੋਂ ਸਤਲੁਜ ਦਰਿਆ ਵਿੱਚ ਇਸ ਵਾਰ ਸਭ ਤੋਂ ਵੱਧ ਪਾਣੀ ਛੱਡਿਆ ਗਿਆ ਜਿਸ ਨਾਲ ਖੜੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਅਤੇ ਪੇਂਡੂ ਰਿਹਾਇਸ਼ੀ ਖੇਤਰ ਬੁਰੀ ਤਰਾਂ ਪ੍ਰਭਾਵਿਤ ਹੋਏ। ਮੁੱਢਲੇ ਅਨੁਮਾਨਾਂ ਅਨੁਸਾਰ ਇਨਾਂ ਹੜਾਂ ਕਾਰਨ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਪ੍ਰਭਾਵਿਤ ਖੇਤਰਾਂ ਵਿੱਚ ਕੁਦਰਤੀ ਆਫ਼ਤ ਐਲਾਨੀ ਜਾ ਚੁੱਕੀ ਹੈ।

ਉਨਾਂ ਕਿਹਾ ਕਿ ਫੌਜ ਵੱਲੋਂ ਵੀ ਜ਼ਰੂਰੀ ਮੱਦਦ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਵਿੱਚ ਆਏ ਹੜਾਂ ਕਾਰਨ ਕਈ ਥਾਵਾਂ ਖਾਸ ਕਰ ਕੇ ਰੋਪੜ, ਲੁਧਿਆਣਾ, ਜਲੰਧਰ ਤੇ ਕਪੂਰਥਲਾ ਜ਼ਿਲਿਆਂ ਦੇ 100 ਤੋਂ ਵੱਧ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਫਸਲਾਂ ਬਰਬਾਦ ਹੋਈਆ ਹਨ ਅਤੇ ਘਰਾਂ ਦੇ ਨਾਲ-ਨਾਲ ਕਈ ਥਾਵਾਂ ਉਤੇ ਪੇਂਡੂ ਤੇ ਸ਼ਹਿਰੀ ਖੇਤਰਾਂ ਦਾ ਬੁਨਿਆਦੀ ਢਾਂਚਾ ਵੀ ਬਹੁਤ ਨੁਕਸਾਨਿਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਸੂਬਾ ਸਰਕਾਰ ਦੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਭਾਰਤ ਸਰਕਾਰ ਕੋਲੋਂ ਵਿਸ਼ੇਸ਼ ਪੈਕੇਜ ਲੈਣ ਲਈ ਇਕ ਮੈਮੋਰੰਡਮ ਤਿਆਰ ਕਰਨ। ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਸੂਬੇ ਵਿੱਚ 326 ਪਿੰਡ ਹੜਾਂ ਨਾਲ ਪ੍ਰਭਾਵਿਤ ਹੋਏ ਹਨ ਅਤੇ ਪਾਣੀ ਵਿੱਚ ਡੁੱਬਣ ਕਾਰਨ 1.20 ਲੱਖ ਏਕੜ ਰਕਬੇ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਹੈ। 

ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਜੋ ਕਿ ਖੁਦ ਸਥਿਤੀ ਉਤੇ ਨਿਗਰਾਨੀ ਰੱਖ ਰਹੇ ਹਨ, ਦੇ ਨਿਰਦੇਸ਼ਾਂ ’ਤੇ ਹੜ ਪ੍ਰਭਾਵਿਤ ਖੇਤਰਾਂ ਖਾਸ ਕਰ ਕੇ ਜਲੰਧਰ ਤੇ ਫਿਰੋਜ਼ਪੁਰ ਜ਼ਿਲੇ ਵਿੱਚ ਫੌਜ, ਐਨ.ਡੀ.ਆਰ.ਐਫ. ਤੇ ਐਸ.ਡੀ.ਆਰ.ਐਫ. ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਉਨਾਂ ਮੁੱਖ ਸਕੱਤਰ ਨੂੰ ਇਸ ਮਾਮਲੇ ਵਿੱਚ ਵਿਸ਼ੇਸ਼ ਮੁੱਖ ਸਕੱਤਰ ਮਾਲ ਤੇ ਪ੍ਰਮੁੱਖ ਸਕੱਤਰ ਜਲ ਸਰੋਤ ਨਾਲ ਨਿਰੰਤਰ ਤਾਲਮੇਲ ਸਥਾਪਤ ਕਰਨ ਲਈ ਵੀ ਕਿਹਾ ਹੈ। ਬੁਲਾਰੇ ਅਨੁਸਾਰ ਜੰਗੀ ਪੱਧਰ ’ਤੇ ਚਲਾਏ ਹੜ ਰਾਹਤ ਤੇ ਬਚਾਓ ਕਾਰਜਾਂ ਸਦਕਾ ਨਾਲ ਹੁਣ ਤੱਕ 5023 ਲੋਕਾਂ ਨੂੰ ਪ੍ਰਭਾਵਿਤ ਪਿੰਡਾਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਗਿਆ ਹੈ।

ਜਲੰਧਰ ਜ਼ਿਲੇ ਵਿੱਚ ਅੱਜ ਭਾਰਤੀ ਫੌਜ ਦੀ ਮੱਦਦ ਨਾਲ 18 ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਹੈਲੀਕਾਪਟਰ ਰਾਹੀਂ 36 ਹਜ਼ਾਰ ਪਰੌਂਠੇ, 18 ਹਜ਼ਾਰ ਸੁੱਕੇ ਰਾਸ਼ਨ ਦੇ ਪੈਕੇਟ ਅਤੇ ਬੋਤਲ ਬੰਦ ਪਾਣੀ ਪਹੁੰਚਾਇਆ ਗਿਆ ਹੈ। ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਦੀ ਨਿਗਰਾਨੀ ਹੇਠ ਅੱਜ ਵੱਡੇ ਤੜਕੇ ਰਾਹਤ ਪੈਕੇਟਾਂ ਨੂੰ ਜਲੰਧਰ ਛਾਉਣੀ ਭੇਜਿਆ ਗਿਆ ਜਿੱਥੋਂ ਛੇ ਹੈਲੀਕਾਪਟਰ ਰਾਹੀਂ ਹੜ ਪੀੜਤਾਂ ਕੋਲ ਪਹੁੰਚਾਇਆ ਗਿਆ। ਇਕੱਲੇ ਫਿਰੋਜ਼ਪੁਰ ਜ਼ਿਲੇ ਵਿੱਚ ਐਨ.ਡੀ.ਆਰ.ਐਫ. ਅਤੇ ਫੌਜ ਦੀ ਮੱਦਦ ਨਾਲ ਚਲਾਏ ਗਏ ਰਾਹਤ ਕਾਰਜਾਂ ਰਾਹੀਂ 368 ਲੋਕਾਂ ਨੂੰ ਬਚਾਇਆ ਗਿਆ। 

ਲੁਧਿਆਣਾ ਵਿੱਚ ਅੱਜ ਪ੍ਰਸ਼ਾਸ਼ਨ ਨੇ ਸਵੇਰ ਵੇਲੇ ਮੱਤੇਵਾੜਾ ਕੰਪਲੈਕਸ ਵਿਖੇ ਗੜੀਫਾਜ਼ਲ ਪਿੰਡ ਨੇੜੇ ਸਤਲੁਜ ਦਰਿਆ ਵਿੱਚ ਮੁਸਤੈਦੀ ਸਦਕਾ ਪਾੜ ਪੈਣ ਤੋਂ ਬਚਾ ਲਿਆ। ਇਸ ਤੋਂ ਇਲਾਵਾ ਪੰਜ ਪ੍ਰਭਾਵਿਤ ਪਿੰਡਾਂ ਵਿੱਚ 60 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ। ਕਪੂਰਥਲਾ ਜ਼ਿਲੇ ਦੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਪ੍ਰਭਾਵਿਤ ਹੋਏ 62 ਪਿੰਡਾਂ ਵਿੱਚ 200 ਤੋਂ ਵੱਧ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ਉਤੇ ਲਿਜਾਇਆ ਗਿਆ।

ਰੋਪੜ ਜ਼ਿਲੇ ਵਿੱਚ ਪ੍ਰਸ਼ਾਸਨ ਵੱਲੋਂ 86 ਮਲਟੀਪਰਪਜ਼ ਹੈਲਥ ਵਰਕਰਜ਼, 111 ਏ.ਐਨ.ਐਮ. ਨਰਸਾਂ ਦੇ ਨਾਲ ਮੈਡੀਕਲ ਸਹੂਲਤਾਂ ਨਾਲ ਲੈਸ 40 ਮੋਬਾਈਲ ਵੈਨਾਂ ਰਾਹੀਂ ਹੜ ਪ੍ਰਭਾਵਿਤ ਖੇਤਰਾਂ ਵਿੱਚ ਕੈਂਪ ਲਗਾ ਕੇ ਲੋਕਾਂ ਦੀ ਸਿਹਤ ਦੀ ਜਾਂਚ ਕਰ ਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੜਾਂ ਕਾਰਨ ਬੇਘਰ ਅਤੇ ਪ੍ਰਭਾਵਿਤ ਹੋਏ ਲੋਕਾਂ ਦੇ ਮੁੜ ਵਸੇਬੇ ਲਈ 10 ਰਾਹਤ ਸੈਂਟਰ ਵੀ ਬਣਾਏ ਗਏ ਹਨ।