ਭਾਖੜਾ ਡੈਮ ਨੂੰ ਬਚਾਉਣ ਲਈ ਭਾਖੜਾ ਦੇ ਫ਼ਲੱਡ ਗੇਟ ਖੋਲ੍ਹੇ : ਬੀ.ਬੀ.ਐਮ.ਬੀ. ਚੇਅਰਮੈਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਖੜਾ ਡੈਮ ਦਾ ਪਾਣੀ ਪਧਰ ਅਜੇ ਵੀ 1680 ਫ਼ੁੱਟ 'ਤੇ

Bhakra Dam

ਚੰਡੀਗੜ੍ਹ : ਪਿਛਲੇ 10 ਦਿਨਾਂ ਤੋਂ ਪੰਜਾਬ ਵਿਚ ਲਗਾਤਾਰ ਬਾਰਿਸ਼ ਹੋਣ ਅਤੇ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡੇ ਜਾਣ ਬਾਰੇ ਸਪਸ਼ਟੀਕਰਨ ਦਿੰਦਿਆਂ ਹੋਇਆਂ, ਬੀ.ਬੀ.ਐਮ.ਬੀ ਚੇਅਰਮੈਨ ਡੀ.ਕੇ. ਸ਼ਰਮਾ ਨੇ ਦਸਿਆ ਕਿ ਗੋਬਿੰਦ ਸਾਗਰ ਦੀ ਝੀਲ ਦਾ ਪਾਣੀ ਪੱਧਰ, ਹੜ੍ਹਾਂ ਦੀ ਸਥਿਤੀ 'ਤੇ ਕੰਟਰੋਲ ਵਾਸਤੇ ਨਿਯਤ 1680 ਫ਼ੁੱਟ ਤੋਂ ਵੀ ਵਧਾ ਕੇ 1682 ਫ਼ੁੱਟ ਤਕ ਲਿਜਾਣਾ ਪਿਆ।

ਇਸ ਦੇ ਬਾਵਜੂਦ ਵੀ ਹਿਮਾਚਲ ਵਿਚ ਪਿਛਲੇ 7-8 ਦਿਨਾਂ ਤੋਂ ਭਾਰੀ ਬਾਰਿਸ਼ ਹੋਣ ਕਰ ਕੇ ਅਤੇ ਡੈਮ ਨੂੰ ਸੁਰੱਖਿਅਤ ਰੱਖਣ ਲਈ ਭਾਖੜਾ ਦੇ ਫ਼ਲੱਡ ਗੇਟ ਖੋਲ੍ਹਣੇ ਪਏ। ਅੱਜ ਬੋਰਡ ਦੇ ਦਫ਼ਤਰ ਵਿਚ ਭਰਵੀਂ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਨੇ ਦਸਿਆ ਕਿ ਬੀਤੇ ਦਿਨ ਬੋਰਡ ਦੀ ਉਚ ਪਧਰੀ ਤਕਨੀਕੀ ਕਮੇਟੀ ਦੀ ਬੈਠਕ ਵਿਚ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੇ ਅਧਿਕਾਰੀਆ ਨਾਲ ਸਲਾਹ ਮਸ਼ਵਰਾ ਕਰ ਕੇ ਹੀ ਅਗਲੇ ਕਦਮ ਚੁਕੇ ਜਾ ਰਹੇ ਹਨ। ਡੀ.ਕੇ. ਸ਼ਰਮਾ ਨੇ ਦਸਿਆ ਕਿ ਅੱਜ ਵੀ ਸਤਲੁਜ ਦਰਿਆ 'ਤੇ ਬਣਾਏ ਇਸ ਡੈਮ ਦਾ ਪਾਣੀ ਪੱਧਰ, ਟੀਸੀ 'ਤੇ 1680 ਫ਼ੁੱਟ ਦਾ ਕਾਇਮ ਰਖਿਆ ਹੈ। ਗੋਬਿੰਦ ਸਾਗਰ ਵਿਚ ਪਾਣੀ ਦਾ ਵਹਾਅ ਜਿਹੜਾ ਤਿੰਨ ਦਿਨ ਪਹਿਲਾਂ 3,11,130 ਕਿਉਸਕ ਸੀ, ਉਹ ਹੁਣ ਘੱਟ ਕੇ 60,000 ਕਿਉਸਕ ਰਹਿ ਗਿਆ ਹੈ।

ਬੋਰਡ ਦੇ ਇੰਜੀਨੀਅਰ ਤੇ ਹੋਰ ਮਾਹਰ ਲਗਾਤਾਰ ਦਿਨ ਰਾਤ, ਹਰ ਘੰਟੇ, ਪਾਣੀ ਦਾ ਲੈਵਲ ਨਾਪ ਰਹੇ ਹਨ ਅਤੇ ਹਾਲਤ 'ਤੇ ਨਜ਼ਰ ਰੱਖ ਰਹੇ ਹਨ। ਚੇਅਰਮੈਨ ਨੇ ਸਪਸ਼ਟ ਕੀਤਾ ਕਿ ਭਾਖੜਾ ਡੈਮ ਤੋਂ ਥੱਲੇ ਵਾਲੇ ਪਾਸੇ ਹੋ ਰਹੀ ਬਾਰਿਸ਼ ਅਤੇ ਸਿਸਵਾਂ, ਸਰਸਾ, ਸਵਾਂ, ਨਦੀਆਂ ਅਤੇ ਬਰਸਾਤੀ ਨਾਲਿਆਂ 'ਤੇ ਭਾਖੜਾ ਬੋਰਡ ਦਾ ਕੰਟਰੋਲ ਨਹੀਂ ਚਲਦਾ। ਚੇਅਰਮੈਨ ਤੇ ਉਨ੍ਹਾਂ ਨਾਲ ਬੈਠੇ ਬੋਰਡਾਂ ਦੇ ਮੈਂਬਰਾਂ ਤੇ ਸੀਨੀਅਰ ਅਧਿਕਾਰੀਆਂ ਤੋਂ ਪੁਛੇ ਅਨੇਕਾਂ ਸਵਾਲਾਂ ਦਾ ਜਵਾਬ ਦਿੰਦਿਆਂ ਡੀ.ਕੇ. ਸ਼ਰਮਾ ਨੇ ਸਪਸ਼ਟ ਕੀਤਾ ਕਿ ਬਿਆਸ ਦਰਿਆ 'ਤੇ ਬਣੇ ਪੰਡੋਰ ਡੈਮ ਤੋਂ ਸੁਰੰਗਾਂ ਰਾਹੀਂ 8400 ਕਿਉਸਕ ਪਾਇਆ ਜਾ ਰਿਹਾ ਪਾਣੀ, ਬੰਦ ਕਰ ਦਿਤਾ ਅਤੇ ਬਿਆਸ ਦਾ ਸਾਰਾ ਪਾਣੀ ਹੁਣ ਤਲਵਾੜਾ ਸਥਿਤ ਪੌਂਗ ਡੇਮ ਦੀ ਝੀਲ ਵਿਚ ਇਕੱਠਾ ਹੋ ਰਿਹਾ ਹੈ। ਇਸ ਦਾ ਲੈਵਲ 1390 ਫ਼ੁੱਟ ਤਕ ਜਾ ਸਕਦਾ ਹੈ ਜੋ ਹਾਲ ਦੀ ਘੜੀ 1380 ਫ਼ੁੱਟ 'ਤੇ ਹੈ।

ਚੇਅਰਮੈਨ ਨੇ ਦਸਿਆ ਕਿ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ, ਊਨਾ, ਹਮੀਰਪੁਰ, ਸ਼ਿਮਲਾ, ਕੁੱਲੂ ਤੇ ਹੋਰ ਜ਼ਿਲ੍ਹਿਆਂ ਵਿਚ ਪਿਛਲੇ 10 ਦਿਨ ਰੀਕਾਰਡ ਬਾਰਸ਼ ਹੋਈ ਜਿਸ ਨਾਲ ਖ਼ਤਰਾ ਬਣਿਆ ਸੀ। ਉਨ੍ਹਾਂ ਕਿਹਾ ਅਜੇ ਮਾਨਸੂਨ ਦੀ ਬਾਰਿਸ਼ ਦਾ ਸਮਾਂ 21 ਸਤੰਬਰ ਤਕ ਹੈ, ਉਦੋਂ ਤਕ ਸਥਿਤੀ 'ਤੇ ਨਜ਼ਰ ਰੱਖੀ ਜਾਵੇਗੀ। 1988 ਦੇ ਹੜ੍ਹਾਂ ਦੀ ਖ਼ਤਰਨਾਕ ਤੇ ਦਿਲ ਕੰਬਾਊ ਹਾਲਤ ਬਾਰੇ ਬੋਰਡ ਦੇ ਅਧਿਕਾਰੀਆਂ ਨੇ ਦਸਿਆ ਕਿ ਉਂਜ ਤਾਂ 21 ਸਤੰਬਰ ਤਕ ਬਰਸਾਤ ਰੁਕ ਜਾਂਦੀ ਹੈ ਪਰ 31 ਸਾਲ ਪਹਿਲਾਂ, 1988 ਵਿਚ 25,26, 27 ਤੇ 28 ਸਤੰਬਰ ਨੂੰ ਲਗਾਤਾਰ 4 ਦਿਨ ਰਾਤ ਮੋਹਲੇਧਾਰ ਮੀਂਹ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਵਿਚ ਪਿਆ ਸੀ। ਡੈਮ ਪਹਿਲਾਂ ਹੀ ਟੀਸੀ ਤਕ, 1687 ਫ਼ੁੱਟ ਤੋਂ ਵੀ ਵੱਧ ਭਰਿਆ ਸੀ ਅਤੇ ਡੈਮ ਬਚਾਉਣ ਲਈ ਫ਼ਲੱਡ ਗੇਟ ਖੋਲ੍ਹਣੇ ਪਏ ਸਨ।