'ਹੁਣ 'ਮਿਡ ਡੇਅ ਮੀਲ' ਸਕੂਲਾਂ ਵੱਲੋਂ ਹੀ ਕੀਤਾ ਜਾਵੇਗਾ ਤਿਆਰ'

ਏਜੰਸੀ

ਖ਼ਬਰਾਂ, ਪੰਜਾਬ

ਮਿਡ-ਡੇਅ-ਮੀਲ ਸਕੀਮ ਰਾਹੀ ਭਾਰਤ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ।..

Midday meal scheme

ਮੋਹਾਲੀ : ਮਿਡ-ਡੇਅ-ਮੀਲ ਸਕੀਮ ਰਾਹੀ ਭਾਰਤ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਮੁੱਖ ਦਫ਼ਤਰ ਵਿਖੇ ਸਰਕਾਰੀ ਸਕੂਲਾਂ 'ਚ ਚਲਾਏ ਜਾ ਰਹੇ ਮਿਡ-ਡੇਅ ਮੀਲ ਪ੍ਰੋਗਰਾਮ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ਼ ਵੀਡੀਓ ਕਾਨਫਰੰਸਿੰਗ ਰਾਹੀਂ ਮਹੀਨਾਵਾਰ ਰੀਵਿਊੁ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਸਕੂਲਾਂ 'ਚ ਹੀ ਤਿਆਰ ਕਰਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲ਼ਾ ਮਿਡ-ਡੇਅ ਮੀਲ ਪਹਿਲਾਂ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਮੁਹੱਈਆ ਕਰਾਇਆ ਜਾਂਦਾ ਸੀ ਅਤੇ ਹੁਣ ਇਹ ਭੋਜਨ ਸਕੂਲਾਂ ਵਲੋਂ ਸਕੂਲ ਕੈਂਪਸ 'ਚ ਹੀ ਤਿਆਰ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਐੱਨ. ਜੀ. ਓ ਨਾਲ਼ ਸੰਪਰਕ ਕਰਕੇ ਉਨ੍ਹਾਂ ਤੋਂ ਬਚਦੇ ਅਨਾਜ, ਮਿਡ ਡੇਅ ਮੀਲ ਵਰਕਰਾਂ ਦੇ ਪ੍ਰਬੰਧ, ਖਾਣੇ ਦੀ ਵੰਡ ਅਤੇ ਬਾਰਦਾਨੇ ਆਦਿ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ।

ਮੀਟਿੰਗ 'ਚ ਸਿੱਖਿਆ ਸਕੱਤਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਮਿਡ-ਡੇਅ ਮੀਲ ਪ੍ਰੋਗਰਾਮ ਦੀ ਨਿਰੰਤਰ ਦੇਖ-ਰੇਖ ਕਰਦਿਆਂ ਇਸ ਨੂੰ ਸੁਚਾਰੂ ਰੂਪ ਨਾਲ਼ ਚਲਾਉਣ ਲਈ ਕਿਹਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਇੰਦਰਜੀਤ ਸਿੰਘ ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਨੇ ਕਿਹਾ ਕਿ ਸਕੂਲਾਂ 'ਚ ਮਿਡ-ਡੇਅ ਮੀਲ ਰਜਿਸਟਰ ਤਿਆਰ ਨਾ ਕੀਤਾ ਜਾਵੇ। ਇਸ ਸੰਬੰਧੀ ਸਾਰੀ ਜਾਣਕਾਰੀ ਮੋਬਾਇਲ ਐਪ ਰਾਹੀਂ ਐੱਸ. ਐੱਮ. ਐੱਸ ਕਰਕੇ ਭੇਜੀ ਜਾਵੇ।