ਪੰਜਾਬ ਵਿਚ ਜ਼ਿਮਨੀ ਚੋਣਾਂ, ਐਲਾਨ ਕਿਸੀ ਵੇਲੇ ਸੰਭਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਲਈ ਕਿਸੀ ਵੀ ਸਮੇਂ ਚੋਣ ਕਮਿਸ਼ਨ ਵਲੋਂ ਐਲਾਨ ਕੀਤਾ ਜਾ ਸਕਦਾ ਹੈ ਅਤੇ ਚਾਰੇ ਹੀ ਹਲਕੇ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਆਪ ਲਈ ਚੁਨੌਤੀ ਹਨ

ਪੰਜਾਬ ਵਿਚ ਜ਼ਿਮਨੀ ਚੋਣਾਂ, ਐਲਾਨ ਕਿਸੀ ਵੇਲੇ ਸਮੇਂ ਸੰਭਵ

ਚੰਡੀਗੜ੍ਹ (ਐਸ.ਐਸ. ਬਰਾੜ) : ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਲਈ ਕਿਸੀ ਵੀ ਸਮੇਂ ਚੋਣ ਕਮਿਸ਼ਨ ਵਲੋਂ ਐਲਾਨ ਕੀਤਾ ਜਾ ਸਕਦਾ ਹੈ ਅਤੇ ਚਾਰੇ ਹੀ ਹਲਕੇ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਆਪ ਲਈ ਚੁਨੌਤੀ ਹਨ ਕਿਉਂਕਿ ਸਾਰੀਆਂ ਹੀ ਪਾਰਟੀਆਂ ਦਾ ਇਕ ਇਕ ਉਮੀਦਵਾਰ ਇਨ੍ਹਾਂ ਹਲਕਿਆਂ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵਿਧਾਇਕ ਬਣ ਕੇ ਆਇਆ ਸੀ।

ਜਲਾਲਾਬਾਦ ਹਲਕੇ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਇਕ ਬਣੇ ਅਤੇ ਫਿਰ ਅਸਤੀਫ਼ਾ ਦੇ ਕੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਐਮ.ਪੀ. ਬਣ ਗਏ। ਇਹ ਹਲਕਾ ਹੁਣ ਅਕਾਲੀ ਦਲ ਲਈ ਵੱਕਾਰੀ ਬਣ ਗਿਆ ਹੈ। ਇਥੋਂ ਜਿੱਤ ਪ੍ਰਾਪਤ ਕਰਨਾ ਸਿਆਸੀ ਹੋਂਦ ਲਈ ਜ਼ਰੂਰੀ ਹੈ। ਇਸੀ ਤਰ੍ਹਾਂ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਸੋਮ ਪ੍ਰਕਾਸ਼ 2017 ਵਿਚ ਵਿਧਾਇਕ ਬਣੇ ਅਤੇ ਫਿਰ ਅਸਤੀਫ਼ਾ ਦੇ ਕੇ 2019 ਵਿਚ ਹੁਸ਼ਿਆਰਪੁਰ ਹਲਕੇ ਤੋਂ ਐਮ.ਪੀ. ਬਣ ਗਏ।

ਮੁਕੇਰੀਆਂ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਰਜਨੀਸ਼ ਕੁਮਾਰ ਬਬੀ 2017 ਵਿਚ ਵਿਧਾਇਕ ਅਤੇ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਸਵਰਗਵਾਸ ਹੋ ਜਾਣ ਕਾਰਨ ਇਹ ਸੀਟ ਖ਼ਾਲੀ ਹੋ ਗਈ। ਇਸ ਤਰ੍ਹਾਂ ਕਾਂਗਰਸ ਲਈ ਅਪਣੀ ਸੀਟ ਬਚਾਉਣਾ ਵੀ ਇਕ ਚੁਨੌਤੀ ਹੈ। ਜਿਥੋਂ ਤਕ ਚੌਥੇ ਹਲਕੇ ਦਾਖਾ ਦਾ ਸਬੰਧ ਹੈ, ਇਥੋਂ 2017 ਵਿਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਹਰਵਿੰਦਰ ਸਿੰਘ ਫੂਲਕਾ ਵਿਧਾਇਕ ਬਣੇ ਅਤੇ ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਵਿਧਾਇਕ ਪਦ ਤੋਂ ਅਸਤੀਫ਼ਾ ਦੇ ਦਿਤਾ।

ਇਹ ਹਲਕਾ 'ਆਪ' ਨਾਲ ਸਬੰਧਤ ਹੈ। ਬੇਸ਼ਕ ਆਪ ਲਈ ਇਸ ਹਲਕੇ ਤੋਂ ਮੁੜ ਜਿੱਤ ਪ੍ਰਾਪਤ ਕਰਨਾ ਕਾਫ਼ੀ ਮੁਸ਼ਕਲ ਹੈ ਕਿਉਂਕਿ ਪਿਛਲੇ ਦੋ ਸਾਲਾਂ ਵਿਚ ਪਾਰਟੀ ਬੁਰੀ ਤਰ੍ਹਾਂ ਖੇਰੂੰ ਖੇਰੂੰ ਹੋ ਗਈ ਹੈ। ਦਾਖਾ ਹਲਕਾ ਕਾਂਗਰਸ, ਅਕਾਲੀ ਦਲ ਅਤੇ ਬੈਂਸ ਭਰਾਵਾਂ ਲਈ ਵਕਾਰੀ ਬਣ ਗਿਆ ਹੈ। ਜਿਹੜੀ ਪਾਰਟੀ ਅਪਣੀ ਇਕ ਇਕ ਸੀਟ ਦੇ ਨਾਲ ਇਸ ਹਲਕੇ ਤੋਂ ਜਿੱਤ ਪ੍ਰਾਪਤ ਕਰੇਗੀ, ਉਸ ਨੂੰ ਚੰਗਾ ਰਾਜਨੀਤਕ ਲਾਭ ਮਿਲੇਗਾ ਅਤੇ ਮੰਨਿਆ ਜਾਵੇਗਾ ਕਿ ਲੋਕਾਂ ਦਾ ਰੁਝਾਨ ਜੇਤੂ ਪਾਰਟੀ ਵਲ ਹੋ ਰਿਹਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਦਾਖਾ ਹਲਕੇ ਤੋਂ 'ਆਪ' ਦੇ ਐਚ.ਐਸ. ਫੂਲਕਾ 58923 ਵੋਟਾਂ ਲੈ ਕੇ ਜੇਤੂ ਰਹੇ।

ਇਸ ਨੇ 40.55 ਫ਼ੀ ਸਦੀ ਵੋਟ ਲਏ। ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ 54754 ਵੋਟਾਂ ਲੈ ਕੇ ਦੂਜੇ ਨੰਬਰ 'ਤੇ ਰਹੇ। ਇਸ ਨੇ 37.68 ਫ਼ੀ ਸਦੀ ਵੋਟ ਲਏ। ਕਾਂਗਰਸੀ ਉਮੀਦਵਾਰ ਮੇਜਰ ਸਿੰਘ ਭੈਣੀ 28571 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਆਏ। ਪ੍ਰੰਤੂ ਚਾਰ ਮਹੀਨੇ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ਸਮੇਂ ਦਾਖਾ ਅਸੰਬਲੀ ਹਲਕੇ ਤੋਂ ਬੈਂਸ ਭਰਾਵਾਂ ਦੀ ਪਾਰਟੀ 44938 ਵੋਟਾਂ ਲੈ ਕੇ ਪਹਿਲੇ ਨੰਬਰ 'ਤੇ ਆਈ।

ਕਾਂਗਰਸ 43644 ਵੋਟਾਂ ਲੈ ਕੇ ਦੂਜੇ ਨੰਬਰ 'ਤੇ ਅਤੇ ਅਕਾਲੀ ਦਲ 28896 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਆਇਆ। ਅਕਾਲੀ ਦਲ ਦੇ ਇਕ ਸੀਨੀਅਰ ਨੇਤਾ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਦੋ ਨੇਤਾਵਾਂ ਦੇ ਝਗੜੇ ਕਾਰਨ ਇਹ ਨੁਕਸਾਨ ਹੋਇਆ। ਪ੍ਰੰਤੂ ਜ਼ਿਮਨੀ ਚੋਣ ਵਿਚ ਸਥਿਤੀ ਵਖਰੀ ਹੈ। ਪ੍ਰੰਤੂ ਇਥੇ ਤਿਕੋਣੀ ਟੱਕਰ ਹੋਵੇਗੀ।
ਜਿਥੋਂ ਤਕ ਫਗਵਾੜਾ ਅਸੰਬਲੀ ਹਲਕੇ ਦਾ ਸਬੰਧ ਹੈ 2017 ਦੀਆਂ ਅਸੰਬਲੀ ਚੋਣਾਂ ਸਮੇਂ ਭਾਜਪਾ ਦੇ ਸੋਮ ਪ੍ਰਕਾਸ਼ 44436 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਕਾਂਗਰਸੀ ਉਮੀਦਵਾਰ ਨੂੰ 39290 ਵੋਟਾਂ ਮਿਲੀਆਂ।

ਬਸਪਾ ਤੀਜੇ ਨੰਬਰ 'ਤੇ 7720 ਵੋਟਾਂ ਲੈ ਕੇ ਆਈ ਜਦਕਿ ਆਪ ਚੌਥੇ ਨੰਬਰ 'ਤੇ 2563 ਵੋਟਾਂ ਲੈ ਕੇ ਰਹੀ ਪ੍ਰੰਤੂ 2019 ਦੀਆਂ ਲੋਕ ਸਭਾ ਚੋਣਾਂ ਸਮੇਂ ਫਗਵਾੜਾ ਅਸੰਬਲੀ ਹਲਕੇ ਤੋਂ ਭਾਜਪਾ 44436, ਕਾਂਗਰਸ ਨੂੰ 39290, ਬਸਪਾ ਨੂੰ 29738 ਵੋਟਾਂ ਮਿਲੀਆਂ। ਜਦਕਿ ਆਪ ਬਹੁਤੇ ਪਿਛੇ ਚਲੀ ਗਈ। ਇਸ ਤਰ੍ਹਾਂ ਦੋਵਾਂ ਚੋਣਾਂ ਵਿਚ ਭਾਜਪਾ ਨੇ ਅਪਣਾ ਵੋਟ ਬੈਂਕ ਲਗਭਗ ਬਰਾਬਰ ਰਖਿਆ।  ਮੁਕੇਰੀਆਂ ਹਲਕੇ ਤੋਂ 2017 ਵਿਚ ਕਾਂਗਰਸ 56787 ਵੋਟਾਂ ਲੈ ਕੇ ਪਹਿਲੇ ਨੰਬਰ 'ਤੇ ਆਈ। 2019 ਦੀਆਂ ਲੋਕ ਸਭਾ ਚੋਣਾਂ ਸਮੇਂ ਇਸੀ ਅਸੰਬਲੀ ਹਲਕੇ ਤੋਂ ਕਾਂਗਰਸ 37207 ਵੋਟਾਂ ਲੈ ਕੇ ਦੂਜੇ ਨੰਬਰ 'ਤੇ ਆ ਗਈ

ਜਦਕਿ  ਭਾਜਪਾ 74913 ਵੋਟਾਂ ਲੈ ਕੇ ਪਹਿਲੇ ਨੰਬਰ 'ਤੇ ਆ ਗਈ। ਬਸਪਾ ਅਤੇ ਆਪ ਬਹੁਤ ਪਿਛੇ ਚਲੇ ਗਏ। ਇਸ ਤਰ੍ਹਾਂ ਕਾਂਗਰਸ ਲਈ ਅਪਣੀ ਸੀਟ ਮੁੜ ਹਾਸਲ ਕਰਨਾ ਉਨ੍ਹਾਂ ਲਈ ਇਕ ਵੱਡੀ ਚੁਨੌਤੀ ਹੈ। ਜਿਥੋਂ ਤਕ ਜਲਾਲਾਬਾਦ ਹਲਕੇ ਦਾ ਸਬੰਧ ਹੈ, 2017 ਦੀਆਂ ਅਸੰਬਲੀ ਚੋਣਾਂ ਵਿਚ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ 75271 ਵੋਟਾਂ ਲੈ ਕੇ ਜੇਤੂ ਰਹੇ। ਆਪ ਦੂਜੇ ਨੰਬਰ 'ਤੇ 56771 ਵੋਟਾਂ ਲੈ ਕੇ ਰਹੀ ਜਦਕਿ ਕਾਂਗਰਸ 31539 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਆਈ।

ਪ੍ਰੰਤੂ ਚਾਰ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿਚ ਇਸੀ ਹਲਕੇ ਤੋਂ ਅਕਾਲੀ ਦਲ ਪਹਿਲਾਂ ਨਾਲੋਂ ਵੀ ਵੱਧ 88857 ਵੋਟਾਂ ਲੈ ਕੇ ਪਹਿਲੇ ਨੰਬਰ 'ਤੇ ਰਿਹਾ। ਕਾਂਗਰਸ 57944 ਵੋਟਾਂ ਨਾਲ ਦੂਜੇ ਨੰਬਰ 'ਤੇ ਜਦਕਿ ਆਪ 3304 ਵੋਟਾਂ ਨਾਲ ਬਹੁਤ ਪਿਛੇ ਚਲੀ ਗਈ। ਉਪਰੋਕਤ ਤੱਥਾਂ ਅਨੁਸਾਰ ਮੁਕੇਰੀਆਂ ਅਤੇ ਦਾਖਾ ਹਲਕੇ ਮੁੱਖ ਪਾਰਟੀਆਂ ਲਹੀ ਚੁਨੌਤੀ ਹਨ। ਇਨ੍ਹਾਂ ਹਲਕਿਆਂ ਤੋਂ ਜਿੱਤ ਹਾਰ ਦੇ ਨਤੀਜੇ ਭਵਿੱਖ ਦੀ ਸਿਆਸਤ ਲਈ ਅਹਿਮ ਹੋਣਗੇ।