ਲੋਕ ਸਭਾ ਚੋਣਾਂ ਦੇ ਨਤੀਜੇ ਆਉਂਦਿਆਂ ਹੀ ਪੰਜਾਬ 'ਚ ਸ਼ੁਰੂ ਹੋ ਜਾਵੇਗਾ ਜ਼ਿਮਨੀ ਚੋਣਾਂ ਦਾ ਰੌਲਾ ਰੱਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਗਾਮੀ ਦਿਨਾਂ 'ਚ ਪੰਜਾਬ ਵਾਸੀਆਂ ਸਾਹਮਣੇ ਘੱਟੋ ਘੱਟ 5 ਜ਼ਿਮਨੀ ਚੋਣਾਂ ਦਾ ਆਉਣਾ ਤਾਂ ਲਗਭਗ ਤੈਅ

Dharmendra emotional messages for Sunil Jakhar

ਕੋਟਕਪੂਰਾ : ਬੀਤੀ 19 ਮਈ ਨੂੰ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੀ ਪੋਲਿੰਗ ਹੋਈ, ਪੋਲਿੰਗ ਦਾ ਕੰਮ ਖ਼ਤਮ ਹੁੰਦਿਆਂ ਹੀ ਚੋਣ ਸਰਵੇਖਣਾਂ ਦਾ ਦੌਰ ਸ਼ੁਰੂ ਹੋ ਗਿਆ। ਚੋਣ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਹੋਣ ਲੱਗੀ ਹੈ। ਲੋਕ ਇਸ ਗੱਲੋਂ ਬੇਖ਼ਬਰ ਹਨ ਕਿ ਪੰਜਾਬ ਵਾਸੀਆਂ ਨੂੰ ਅਗਾਮੀ ਦਿਨਾਂ 'ਚ ਕੁੱਝ ਵਿਧਾਨ ਸਭਾ ਦੀਆਂ ਜਿਮਨੀ ਚੋਣਾ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

9 ਮੌਜੂਦਾ ਵਿਧਾਇਕ ਤਾਂ ਇਸ ਸਮੇਂ ਲੋਕ ਸਭਾ ਚੋਣਾਂ 'ਚ ਅਪਣੀ ਕਿਸਮਤ ਅਜਮਾ ਰਹੇ ਹਨ ਤੇ ਜੇਕਰ ਐਚ.ਐਸ. ਫੂਲਕਾ (ਦਾਖਾ), ਨਾਜਰ ਸਿੰਘ ਮਾਨਸ਼ਾਹੀਆ (ਮਾਨਸਾ) ਅਤੇ ਅਮਰਜੀਤ ਸਿੰਘ ਸੰਦੋਆ (ਰੂਪ ਨਗਰ) ਦੇ ਅਸਤੀਫ਼ੇ ਪ੍ਰਵਾਨ ਹੋ ਜਾਂਦੇ ਹਨ ਤਾਂ ਅਗਾਮੀ ਦਿਨਾਂ 'ਚ ਪੰਜਾਬ ਵਾਸੀਆਂ ਸਾਹਮਣੇ ਘੱਟੋ ਘੱਟ 5 ਜ਼ਿਮਨੀ ਚੋਣਾਂ ਦਾ ਆਉਣਾ ਤਾਂ ਲਗਭਗ ਤੈਅ ਹੈ ਕਿਉਂਕਿ ਉਪਰੋਕਤ ਦਰਸਾਏ ਗਏ ਤਿੰਨ ਵਿਧਾਇਕਾਂ ਦੇ ਨਾਲ-ਨਾਲ ਹੁਸ਼ਿਆਰਪੁਰ ਤੋਂ ਦੋ ਵਿਧਾਇਕਾਂ ਡਾ. ਰਾਜ ਕੁਮਾਰ ਚੱਬੇਵਾਲ ਅਤੇ ਸੋਮ ਪ੍ਰਕਾਸ਼ ਦਰਮਿਆਨ ਸਖ਼ਤ ਟੱਕਰ ਹੈ, ਜਦਕਿ ਹਲਕਾ ਜਲਾਲਾਬਾਦ ਤੋਂ ਵਿਧਾਇਕ ਸੁਖਬੀਰ ਸਿੰਘ ਬਾਦਲ ਦੇ ਜਿੱਤਣ ਦੀ ਸੰਭਾਵਨਾਵਾਂ ਬਾਰੇ ਕਿਆਸਅਰਾਂਈਆਂ ਜ਼ੋਰਾਂ 'ਤੇ ਹਨ।

ਜ਼ਿਕਰਯੋਗ ਹੈ ਕਿ 9 ਵਿਧਾਇਕ ਕ੍ਰਮਵਾਰ ਫਿਰੋਜਪੁਰ ਤੋਂ ਸੁਖਬੀਰ ਸਿੰਘ ਬਾਦਲ, ਬਠਿੰਡਾ ਤੋਂ ਸੁਖਪਾਲ ਸਿੰਘ ਖਹਿਰਾ, ਪ੍ਰੋ. ਬਲਜਿੰਦਰ ਕੌਰ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ, ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ ਤੇ ਸੋਮ ਪ੍ਰਕਾਸ਼, ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ, ਫਰੀਦਕੋਟ ਤੋਂ ਮਾ. ਬਲਦੇਵ ਸਿੰਘ ਇਸ ਵਾਰ ਲੋਕ ਸਭਾ ਚੋਣਾਂ ਲੜ ਰਹੇ ਹਨ। ਉਕਤ ਵਿਧਾਇਕਾਂ 'ਚੋਂ ਜੇਕਰ ਕੋਈ ਲੋਕ ਸਭਾ ਦੀ ਸੀਟ ਜਿੱਤ ਜਾਂਦਾ ਹੈ ਤਾਂ ਉਸ ਨੂੰ ਅਪਣੀ ਵਿਧਾਇਕੀ ਛਡਣੀ ਪਵੇਗੀ ਅਤੇ ਉਸ ਸੀਟ 'ਤੇ 6 ਮਹੀਨਿਆਂ ਦੇ ਅੰਦਰ-ਅੰਦਰ ਉਪ ਚੋਣ ਕਰਾਉਣੀ ਜ਼ਰੂਰੀ ਹੁੰਦੀ ਹੈ। ਇਸ ਲਈ ਪੰਜਾਬ ਵਾਸੀਆਂ ਸਿਰ ਛੇਤੀ ਹੀ ਜ਼ਿਮਨੀ ਚੋਣਾਂ ਦਾ ਬੋਝ ਪੈਣ ਵਾਲਾ ਹੈ।