ਲੁਧਿਆਣਾ ’ਚ ਬੇਖ਼ੌਫ਼ ਹੋਏ ਅਪਰਾਧੀ! ਖ਼ੂਨ ਪਸੀਨੇ ਦੀ ਕਮਾਈ ਲੈ ਫ਼ਰਾਰ ਹੋਏ ਲੁਟੇਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਂਦਾ ਰਹਿ ਗਿਆ ਬਜ਼ੁਰਗ ਸਬਜ਼ੀ ਵਾਲਾ

Theft in Ludhiana

ਲੁਧਿਆਣਾ (ਵਿਸ਼ਾਲ ਕਪੂਰ) : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿਚ ਲੁੱਟ ਖੋਹ ਕਰਨ ਵਾਲਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਬੇਖ਼ੌਫ਼ ਇਕ ਤੋਂ ਇਕ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਜਿੱਥੇ ਕੁੱਝ ਦਿਨ ਪਹਿਲਾਂ ਇਕ ਵਿਅਕਤੀ ਵੱਲੋਂ ਗਲੀ ਵਿਚ ਸੁੱਤੀ ਪਈ ਔਰਤ ਕੋਲੋਂ ਬੱਚਾ ਚੁੱਕਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਉਥੇ ਹੀ ਹੁਣ ਲੁਟੇਰਿਆਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ,ਜਿਸ ਵਿਚ ਉਹ ਇਕ ਰਾਤ ਦੇ ਸਮੇਂ ਇਕ ਸਬਜ਼ੀ ਵੇਚਣ ਵਾਲੇ ਕੋਲੋਂ ਪੈਸੇ ਲੁੱਟਦੇ ਹੋਏ ਨਜ਼ਰ ਆ ਰਹੇ ਹਨ।

ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਤਿੰਨ ਲੁਟੇਰੇ ਮੋਟਰਸਾਈਕਲ ’ਤੇ ਆਉਂਦੇ ਹਨ ਅਤੇ ਇਕ ਸਬਜ਼ੀ ਵੇਚਣ ਵਾਲੇ ਬਜ਼ੁਰਗ ਵਿਅਕਤੀ ਪਾਸੋਂ ਉਸ ਦੇ ਖ਼ੂਨ ਪਸੀਨੇ ਦੀ ਕਮਾਈ ਖੋਹ ਕੇ ਫ਼ਰਾਰ ਹੋ ਜਾਂਦੇ ਹਨ ਅਤੇ ਉਹ ਵਿਅਕਤੀ ਰੋਂਦਾ ਰਹਿ ਜਾਂਦਾ ਹੈ। ਇਹ ਸਾਰੀ ਘਟਨਾ ਉਥੇ ਲੱਗੇ ਇਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਇਸ ਤੋਂ ਕੁੱਝ ਦਿਨ ਪਹਿਲਾਂ ਵੀ ਲੁਧਿਆਣਾ ਦੇ ਇਕ ਮੁਹੱਲੇ ਵਿਚ ਰਾਤ ਵੇਲੇ ਬੱਚਾ ਚੁੱਕਣ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਨੂੰ ਲੋਕਾਂ ਨੇ ਮੌਕੇ ’ਤੇ ਫੜ ਲਿਆ ਸੀ।

ਇਨ੍ਹਾਂ ਘਟਨਾਵਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਲੁਧਿਆਣਾ ਵਿਚ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਖ਼ੌਫ਼ ਨਹੀਂ ਰਿਹਾ ਅਤੇ ਉਹ ਬੇਖ਼ੌਫ਼ ਹੋ ਕੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਫਿਲਹਾਲ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।  ਦੇਖਣਾ ਹੋਵੇਗਾ ਕਿ ਲੁਧਿਆਣਾ ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਲਈ ਕੀ ਕਦਮ ਉਠਾਉਂਦੀ ਹੈ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।