ਸੁਨਾਮ ਵਿਚ ਬਣੇਗਾ ਬਲਾਤਕਾਰੀ ਸੌਦਾ ਸਾਧ ਦਾ ਨਵਾਂ ਡੇਰਾ

ਏਜੰਸੀ

ਖ਼ਬਰਾਂ, ਪੰਜਾਬ

ਆਨਲਾਈਨ ਸਤਿਸੰਗ ਵਿਚ ਸੌਦਾ ਸਾਧ ਨੇ ਦਿੱਤੀ ਮਨਜ਼ੂਰੀ 

Sauda Sadh

'ਨਾਮ ਚਰਚਾ ਘਰ' ਦੇ ਆਸ-ਪਾਸ ਦੀ ਜ਼ਮੀਨ ਖ਼ਰੀਦਣ ਦੀ ਯੋਜਨਾ 

ਚੰਡੀਗੜ੍ਹ : ਪੰਜਾਬ ਦੇ ਸੁਨਾਮ ਵਿੱਚ ਬਲਾਤਕਾਰੀ ਸੌਦਾ ਸਾਧ ਦਾ ਇੱਕ ਹੋਰ ਡੇਰਾ ਖੁੱਲ੍ਹਣ ਜਾ ਰਿਹਾ ਹੈ ਜਿਸ ਦੀ ਮਨਜ਼ੂਰੀ ਸੌਦਾ ਸਾਧ ਨੇ ਆਨਲਾਈਨ ਹੋਏ ਸਤਿਸੰਗ ਵਿੱਚ ਦਿੱਤੀ ਹੈ। ਇਸ ਡੇਰੇ ਬਣਨ ਨਾਲ ਇਹ ਬਠਿੰਡਾ ਦੇ ਸਲਾਬਤਪੁਰਾ ਸਥਿਤ ਡੇਰੇ ਤੋਂ ਬਾਅਦ ਦੂਸਰਾ ਡੇਰਾ ਹੋਵੇਗਾ। ਦੱਸਣਯੋਗ ਹੈ ਕਿ ਵੀਰਵਾਰ ਨੂੰ ਹੋਏ ਆਨਲਾਈਨ ਸਤਿਸੰਗ ਦੌਰਾਨ ਡੇਰਾ ਪ੍ਰੇਮੀਆਂ ਨੇ ਸੌਦਾ ਸਾਧ ਅੱਗੇ ਸੁਨਾਮ ਦੇ ਨਾਮ ਚਰਚਾ ਘਰ ਨੂੰ ਡੇਰੇ ਵਿੱਚ ਬਦਲਣ ਦੀ ਮੰਗ ਰਾਖੀ ਸੀ ਜਿਸ 'ਤੇ ਅਮਲ ਕਰਦਿਆਂ ਸੌਦਾ ਸਾਧ ਨੇ ਪ੍ਰਬੰਧਕਾਂ ਨੂੰ ਇਸ ਸਬੰਧੀ ਹੁਕਮ ਜਾਰੀ ਕਰ ਦਿਤੇ ਹਨ।

ਹਾਲਾਂਕਿ ਸੌਦਾ ਸਾਧ ਵਲੋਂ ਡੇਰਾ ਪ੍ਰੇਮੀਆਂ ਨੂੰ ਪੁੱਛਿਆ ਕਿ ਉਨ੍ਹਾਂ ਕੋਲ ਡੇਰੇ ਲਈ ਲੋੜੀਂਦੀ ਜਗ੍ਹਾ ਹੈ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਨਾਮ ਚਰਚਾ ਘਰ ਦੇ ਆਲੇ-ਦੁਆਲੇ ਦੀ ਜ਼ਮੀਨ ਖ਼ਰੀਦ ਲੈਣਗੇ।  ਦੱਸਣਯੋਗ ਹੈ ਕਿ ਹੁਣ ਤੱਕ ਦੂਸਰਾ ਸਭ ਤੋਂ ਵੱਡਾ ਡੇਰਾ ਬਠਿੰਡਾ ਦੇ ਸਲਾਬਤਪੁਰਾ ਵਿੱਚ ਹੈ ਜੋ ਕਿ ਹਰਿਆਣਾ ਦੇ ਸਿਰਸਾ ਹੈੱਡਕੁਆਰਟਰ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਰਗਾੜੀ ਕਾਂਡ, ਮੌੜ ਮੰਡੀ ਬੰਬ ਧਮਾਕੇ ਵਿੱਚ ਡੇਰਾ ਪ੍ਰੇਮੀਆਂ ਖ਼ਿਲਾਫ਼ ਕੇਸ ਦਰਜ ਹਨ।

ਬਰਗਾੜੀ ਕਾਂਡ ਵਿੱਚ ਸੌਦਾ ਸਾਧ ਤੋਂ ਲੈ ਕੇ ਡੇਰਾ ਪ੍ਰਬੰਧਕਾਂ ਤੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵੱਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਐਸਆਈਟੀ ਸੌਦਾ ਸਾਧ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣਾ ਚਾਹੁੰਦੀ ਸੀ ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ 'ਤੇ ਰੋਕ ਲਗਾ ਦਿੱਤੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਸੁਨਾਰੀਆ ਜੇਲ੍ਹ ਵਿੱਚ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ। ਫਿਲਹਾਲ ਹੁਣ ਸੌਦਾ ਸਾਧ 40 ਦਿਨ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਹੈ।