ਕੈਪਟਨ ਦੀ ਸ਼ਹਿ ਕਾਰਨ ਅਜੇ ਵੀ ਸੂਬੇ ਵਿਚ ਬੱਸਾਂ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ-ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲ ਪਰਿਵਾਰ ਦੀ ਮਾਲਕੀ ਵਾਲੀ ਆਰਬਿਟ ਟਰਾਂਸਪੋਰਟ ਦੇ ਕਰਿੰਦਿਆਂ ਦੁਆਰਾ ਰੋਡਵੇਜ਼ ਦੇ ਕਰਮਚਾਰੀਆਂ ਨਾਲ ਧੱਕਾ ਕਰਨ ਅਤੇ ਉਨਾਂ ਨੂੰ ਸਰਕਾਰ...

Harpal Cheema

ਚੰਡੀਗੜ (ਸ.ਸ.ਸ) : ਬਾਦਲ ਪਰਿਵਾਰ ਦੀ ਮਾਲਕੀ ਵਾਲੀ ਆਰਬਿਟ ਟਰਾਂਸਪੋਰਟ ਦੇ ਕਰਿੰਦਿਆਂ ਦੁਆਰਾ ਰੋਡਵੇਜ਼ ਦੇ ਕਰਮਚਾਰੀਆਂ ਨਾਲ ਧੱਕਾ ਕਰਨ ਅਤੇ ਉਨਾਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਰੂਟਾਂ ਤੇ ਬੱਸਾਂ ਚਲਾਉਣ ਤੋ ਰੋਕਣ ਦਾ ਆਮ ਆਦਮੀ ਪਾਰਟੀ ਨੇ ਸਖ਼ਤ ਨੋਟਿਸ ਲਿਆ। ‘ਆਪ’ ਹੈੱਡਕੁਆਟਰ ਵੱਲੋਂ ਜਾਰੀ ਪ੍ਰੈੱਸ ਨੋਟ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਅਤੇ ਮੁੱਖ ਬੁਲਾਰੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਵਿਚ ਬਾਦਲਾਂ ਦਾ ਟਰਾਂਸਪੋਰਟ ਮਾਫ਼ੀਆ ਕੈਪਟਨ ਰਾਜ ਵਿਚ ਜਿਉਂ ਦਾ ਤਿਉਂ ਚੱਲਣਾ ਬਾਦਲਾਂ ਅਤੇ ਕੈਪਟਨ ਦੀ ਮਿਲੀਭੁਗਤ ਨੂੰ ਨੰਗਾ ਕਰਦਾ ਹੈ।

ਉਨਾਂ ਕਿਹਾ ਕਿ ਸੂਬੇ ਵਿਚ ਸਰਕਾਰਾਂ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਸੰਪੂਰਨ ਜੰਗਲ ਰਾਜ ਪਸਰਿਆ ਹੋਇਆ ਹੈ। ਚੀਮਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਬਾਦਲਾਂ ਨੂੰ ਜੇਲ ਵਿਚ ਸੁੱਟਣ ਅਤੇ ਉਨਾਂ ਦੇ ਨਜਾਇਜ਼ ਕਾਰੋਬਾਰ ਦੀ ਜਾਂਚ ਕਰਾਉਣ ਦੇ ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਹਵਾ ਹੋ ਗਏ ਹਨ। ਉਨਾਂ ਕਿਹਾ ਕਿ ਬਾਦਲਾਂ ਨੇ 2017 ਦੀਆਂ ਚੋਣਾਂ ਵਿਚ ਕਾਂਗਰਸ ਦੀ ਜਿੱਤ ਵਿਚ ਯੋਗਦਾਨ ਪਾਇਆ ਸੀ ਇਸੇ ਕਾਰਨ ਹੀ ਕੈਪਟਨ ਅਮਰਿੰਦਰ ਸਿੰਘ ਬਾਦਲ ਖ਼ਿਲਾਫ਼ ਕਾਰਵਾਈ ਕਰਨ ਤੋਂ ਕਤਰਾ ਰਹੇ ਹਨ।

ਚੀਮਾ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਦੇ ਕੰਮ ਵਿਚ ਅੜਿੱਕਾ ਪਾਉਣ ਅਤੇ ਉਨਾਂ ਨੂੰ ਡਰਾਉਣ ਧਮਕਾਉਣ ਕਾਰਨ ਆਰਬਿਟ ਦੇ ਕਰਿੰਦਿਆਂ ‘ਤੇ ਕੇਸ ਦਰਜ ਕਰ ਕੇ ਉਨਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਸ ਸਮੇਂ ਸੂਬੇ ਦੇ ਲੋਕਾਂ ਅਤੇ ਉਨਾਂ ਦੀਆਂ ਮੁਸ਼ਕਲਾਂ ਨਾਲ ਕੋਈ ਸਰੋਕਾਰ ਨਹੀਂ ਹੈ। ਇਸੇ ਕਾਰਨ ਹੀ ਸੂਬੇ ਦੀ ਵਿੱਤੀ ਸਮਾਜਿਕ ਅਤੇ ਕਾਨੂੰਨੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਅਕਾਲੀ-ਕਾਂਗਰਸੀ ਮਿਲੇ ਹੋਏ ਹਨ ਅਤੇ ਪਿਛਲੀ ਸਰਕਾਰ ਸਮੇਂ ਦੇ ਚੱਲ ਰਹੇ ਗੈਰ ਕਾਨੂੰਨੀ ਕਾਰਜ ਉਸੇ ਤਰਾਂ ਜਾਰੀ ਹਨ।

ਉਨਾਂ ਕਿਹਾ ਕਿ ਸੂਬੇ ਦੇ ਸਰਕਾਰੀ ਅਦਾਰਿਆਂ ਨੂੰ ਲੁੱਟ ਕੇ ਬਾਦਲ ਕੈਪਟਨ ਆਪਣੀਆਂ ਜੇਬਾਂ ਭਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਉੱਤੇ ਦੋਸ਼ ਲਗਾਉਂਦਿਆਂ ਉਨਾਂ ਕਿਹਾ ਕਿ ਉਨਾਂ ਨੇ ਸੂਬੇ ਦੇ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਕਾਂਗਰਸ ਦੁਆਰਾ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਮੈਨੀਫੈਸਟੋ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਬਾਦਲਾਂ ਦੇ ਕਾਰੋਬਾਰ ਨੂੰ ਵਧਾਉਣ ਵਿਚ ਉਨਾਂ ਦੀ ਸਹਾਇਤਾ ਕੀਤੀ ਹੈ। ਪੰਜਾਬ ਰੋਡਵੇਜ਼/ਪਨਬੱਸ ਦੇ ਕਰਮਚਾਰੀਆਂ ਦੇ ਹੱਕ ਵਿਚ ਖੜਦਿਆਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬਾਦਲ ਪਰਿਵਾਰ ਉਨਾਂ ਨੂੰ ਆਪਣੀ ਡਿੳੂਟੀ ਕਰਨ ਤੋਂ ਨਹੀਂ ਰੋਕ ਸਕਦਾ ਅਤੇ ਜੇਕਰ ਭਵਿੱਖ ਵਿਚ ਵੀ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਆਮ ਆਦਮੀ ਪਾਰਟੀ ਉਨਾਂ ਦੇ ਨਾਲ ਸੰਘਰਸ਼ ਵਿਚ ਹਿੱਸਾ ਲਵੇਗੀ।

‘ਆਪ’ ਵਿਧਾਇਕ ਨੇ ਕਿਹਾ ਕਿ ਕਾਂਗਰਸ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ ਕਿ ਕਾਂਗਰਸ ਦੇ ਹੀ ਵਿਧਾਇਕ ਵੱਲੋਂ ਸਰਕਾਰ ਤੋਂ ਦਰਖਾਸਤ ਕਰ ਕੇ ਚਲਵਾਈ ਗਈ ਬੱਸ ਹੀ ਬਾਦਲ ਪਰਿਵਾਰ ਦੇ ਕਰਿੰਦਿਆਂ ਨੇ ਰੋਕ ਦਿੱਤੀ। ਉਨਾਂ ਕਿਹਾ ਕਿ ਜੇਕਰ ਕਾਂਗਰਸ ਦੇ ਵਿਧਾਇਕਾਂ ਦਾ ਹੀ ਇਸ ਸਰਕਾਰ ਵਿਚ ਇਹ ਹਾਲ ਹੈ ਤਾਂ ਆਮ ਜਨਤਾ ਦਾ ਤਾਂ ਰੱਬ ਹੀ ਰਾਖਾ ਹੈ। ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕਰਦਿਆਂ ਉਨਾਂ ਕਿਹਾ ਕਿ ਉਹ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਰੋਡਵੇਜ਼/ਪਨਬੱਸ ਦੇ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਸਕਣ।