ਸੌਖਾ ਨਹੀਂ ਸਿੱਖ ਕਤਲੇਆਮ ਦੇ ਦੋਸ਼ੀ ਨੂੰ ਫਾਂਸੀ 'ਤੇ ਲਟਕਾਉਣਾ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1984 ਦੇ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ 'ਚ ਭਾਵੇਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਲੋਂ ਦੋ ਦੋਸ਼ੀਆਂ, ਜਿਨ੍ਹਾਂ ਵਿਚ ਇਕ ਨੂੰ ਫਾਂਸੀ ਅਤੇ ਦੂਜੇ ਨੂੰ...

The hanging

ਚੰਡੀਗੜ੍ਹ (ਸ.ਸ.ਸ) : 1984 ਦੇ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ 'ਚ ਭਾਵੇਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਲੋਂ ਦੋ ਦੋਸ਼ੀਆਂ, ਜਿਨ੍ਹਾਂ ਵਿਚ ਇਕ ਨੂੰ ਫਾਂਸੀ ਅਤੇ ਦੂਜੇ ਨੂੰ ਉਮਰਕੈਦ ਦੀ ਸਜ਼ਾ ਸੁਣਾਏ ਜਾਣ 'ਤੇ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਪਰ ਇਹ ਖ਼ੁਸ਼ੀ ਹਾਲੇ ਵੀ ਅੱਧੀ ਅਧੂਰੀ ਹੀ ਹੈ ਕਿਉਂਕਿ ਸਾਡੇ ਦੇਸ਼ ਦੀ ਨਿਆਂ ਪ੍ਰਣਾਲੀ ਇੰਨੀ ਸੁਸਤ ਅਤੇ ਗੁੰਝਲਦਾਰ ਹੈ ਕਿ ਇੱਥੇ ਨਿਆਂ ਮੰਗਣ ਵਾਲੇ ਨਿਆਂ ਮੰਗਦੇ-ਮੰਗਦੇ ਤੁਰ ਜਾਂਦੇ ਹਨ ਪਰ ਨਿਆ ਨਹੀਂ ਮਿਲਦਾ। ਜੇਕਰ ਇਸ ਮਾਮਲੇ 'ਚ ਅਦਾਲਤ ਦੀ ਅਗਲੇਰੀ ਪ੍ਰਕਿਰਿਆ ਦੀ ਗੱਲ ਕੀਤੀ ਜਾਵੇ ਤਾਂ ਅਜੇ ਇਹ ਫ਼ੈਸਲਾ ਸਿਰਫ਼ ਪਟਿਆਲਾ ਹਾਊਸ ਦੀ ਲੋਅਰ ਕੋਰਟ ਵਲੋਂ ਹੀ ਸੁਣਾਇਆ ਗਿਆ ਜ਼ਾਹਰ ਹੈ।

ਕਿ ਦੋਸ਼ੀ ਹੁਣ ਇਸ ਤੋਂ ਬਾਅਦ ਮਾਮਲੇ ਦੀ ਅਗਲੀ ਪਟੀਸ਼ਨ ਹਾਈ ਕੋਰਟ 'ਚ ਪਾਉਣਗੇ ਅਤੇ ਫਿਰ ਹਾਈਕੋਰਟ ਵਿਚ ਇਹ ਮਾਮਲਾ ਕਿੰਨਾ ਚਿਰ ਲਟਕੇਗਾ। ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ। ਜੇਕਰ ਇੱਥੋਂ ਵੀ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਇਹ ਮਾਮਲਾ ਸੁਣਵਾਈ ਲਈ ਸੁਪਰੀਮ ਕੋਰਟ ਵਿਚ ਜਾਵੇਗਾ। ਮੰਨ ਲਓ ਦੇਰ-ਸਵੇਰ ਜੇਕਰ ਸੁਪਰੀਮ ਕੋਰਟ ਵਲੋਂ ਵੀ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿਤੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਵੀ ਦੋਸ਼ੀ ਨੂੰ ਫਾਹੇ ਲਾਉਣਾ ਇੰਨਾ ਆਸਾਨ ਨਹੀਂ ਹੈ ਕਿਉਂਕਿ ਇਸ ਤੋਂ ਬਾਅਦ ਦੋਸ਼ੀਆਂ ਨੂੰ ਡਬਲ ਬੈਂਚ ਕੋਲ ਰੀਵਿਊ ਪਟੀਸ਼ਨ ਪਾਉਣ ਦਾ ਹੱਕ ਹੋਵੇਗਾ।

ਜੇਕਰ ਸੁਪਰੀਮ ਕੋਰਟ ਦਾ ਡਬਲ ਬੈਂਚ ਵੀ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੰਦੈ ਤਾਂ ਇਸ ਤੋਂ ਬਾਅਦ ਉਹ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਵੀ ਕਰ ਸਕਦੈ। ਪਹਿਲਾਂ ਹੇਠਲੀ ਅਦਾਲਤ ਨੇ ਹੀ ਇਸ ਫ਼ੈਸਲੇ ਤਕ ਪਹੁੰਚਣ ਵਿਚ 34 ਸਾਲ ਲਗਾ ਦਿਤੇ ਹੁਣ ਤੁਸੀਂ ਖ਼ੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਦੋਸ਼ੀ ਨੂੰ ਫਾਂਸੀ ਦੇਣ ਲਈ ਹੋਰ ਕਿੰਨਾ ਸਮਾਂ ਲੱਗੇਗਾ??? ਜੇਕਰ ਅੰਕੜਿਆਂ 'ਤੇ ਝਾਤੀ ਮਾਰੀ ਜਾਵੇ ਤਾਂ ਪਿਛਲੇ ਕਰੀਬ 13 ਸਾਲਾਂ ਵਿਚ ਲੋਅਰ ਕੋਰਟ ਵਲੋਂ 371 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਜਦਕਿ ਫਾਂਸੀ ਦੇ ਫੰਧੇ ਤਕ ਸਿਰਫ 4 ਲੋਕ ਹੀ ਪੁੱਜੇ ਹਨ।

ਜਿਨ੍ਹਾਂ ਵਿਚ 2004 ਵਿਚ ਧਨੰਜੇ ਚੈਟਰਜ਼ੀ ਨੂੰ ਨਾਬਲਗ ਦੇ ਰੇਪ ਅਤੇ ਕਤਲ ਕੇਸ ਵਿਚ, 21 ਨਵੰਬਰ 2012 ਨੂੰ ਮੁੰਬਈ ਹਮਲੇ ਦੇ ਦੋਸ਼ੀ ਮੁਹੰਮਦ ਅਜਮਲ ਕਸਾਬ ਨੂੰ, 9 ਫਰਵਰੀ 2013 ਨੂੰ ਪਾਰਲੀਮੈਂਟ ਅਟੈਕ ਮਾਮਲੇ ਵਿਚ ਅਫਜ਼ਲ ਗੁਰੂ ਨੂੰ ਅਤੇ ਜਦਕਿ ਸਭ ਤੋਂ ਆਖਰੀ ਫਾਂਸੀ 30 ਜੁਲਾਈ 2015 ਨੂੰ ਯਾਕੂਬ ਮੈਨਨ ਨੂੰ ਦਿਤੀ ਗਈ ਸੀ। ਇਨ੍ਹਾਂ ਅੰਕੜਿਆਂ ਤੋਂ ਖ਼ੁਦ ਹੀ ਅੰਦਾਜ਼ਾ ਲਗਾਇਆ ਜਾ ਸਕਦੈ ਕਿ ਸਿੱਖ ਕਤਲੇਆਮ ਦੇ ਦੋਸ਼ੀ ਯਸ਼ਪਾਲ ਨੂੰ ਹੇਠਲੀ ਅਦਾਲਤ ਨੇ ਬੇਸ਼ੱਕ ਫਾਂਸੀ ਦੀ ਸਜ਼ਾ ਸੁਣਾਈ ਦਿਤੀ ਹੈ। ਪਰ ਉਸ ਨੂੰ ਫਾਂਸੀ 'ਤੇ ਲਟਕਾਇਆ ਜਾਣਾ ਇੰਨਾ ਸੌਖਾ ਨਹੀਂ, ਪਤਾ ਨਹੀਂ ਇਸ ਦੇ ਲਈ ਹਾਲੇ ਹੋਰ ਕਿੰਨਾ ਕੁ ਇੰਤਜ਼ਾਰ ਕਰਨਾ ਪਵੇਗਾ???