ਬਾਦਲਾਂ ਦੇ ਕਈ ਅਪਣੇ 'ਤਿੜਕਣ' ਲੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ 'ਚ ਘੁਟਣ ਮਹਿਸੂਸ ਕਰਨ ਵਾਲਿਆਂ ਸਮੇਤ ਕਈ ਕਾਂਗਰਸ ਪੱਖੀ ਵਿਰੋਧੀਆਂ ਦੇ ਸੰਪਰਕ 'ਚ, ਪੰਥਕ ਫ਼ਰੰਟ ਨੇ ਚੋਣ ਲੜਨ ਦਾ ਲਿਆ ਫ਼ੈਸਲਾ, ਬਾਦਲਾਂ ਦੀ ਜਿੱਤ ਆਸਾਨ ਨਹੀਂ ਰਹੀ

Sukhbir badal, parkash Badal

ਚੰਡੀਗੜ੍ਹ  (ਕਮਲਜੀਤ ਸਿੰਘ ਬਨਵੈਤ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਇਕਦਮ ਤੇਜ਼ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਵਿਰੋਧੀ ਪੰਥਕ ਧਿਰ ਨੇ ਅੰਦਰੋਂ ਅੰਦਰੀ ਤਿਆਰੀਆਂ ਤਾਂ ਚਾਹੇ ਕਈ ਚਿਰ ਪਹਿਲਾਂ ਸ਼ੁਰੂ ਕਰ ਦਿਤੀਆਂ ਸਨ ਪਰ 24 ਨਵੰਬਰ ਨੂੰ ਚੋਣ ਬਾਰੇ ਵਿਚਾਰ ਕਰਨ ਲਈ ਮੀਟਿੰਗ ਰੱਖ ਲਈ ਹੈ। ਬਾਦਲ ਦਲ ਵਿਚ ਘੁਟਣ ਮਹਿਸੂਸ ਕਰਨ ਵਾਲਿਆਂ ਦੀਆਂ ਪੰਥਕ ਧਿਰ ਨਾਲ ਮੀਟਿੰਗਾਂ ਚਲ ਰਹੀਆਂ ਹਨ। ਕਾਂਗਰਸ ਪੱਖੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਾਦਲਾਂ ਦੇ ਵਿਰੋਧ ਵਿਚ ਖੁਲ੍ਹ ਕੇ ਨਿਤਰਨ ਲਈ ਤਿਆਰ ਬੈਠੇ ਹਨ। ਨਵੇਂ ਹਾਲਾਤ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਆਸਾਨ ਨਹੀਂ ਰਹੀ।

ਉਚ ਭਰੋਸੇਯੋਗ ਸੂਤਰਾਂ ਅਨੁਸਾਰ ਕਮੇਟੀ ਦੀ ਪਿਛਲੀ ਚੋਣ ਤੋਂ ਪਹਿਲਾਂ ਵੀ ਮੋਗਾ ਜ਼ਿਲ੍ਹੇ ਨਾਲ ਸਬੰਧਤ ਇਕ ਆਗੂ ਨਵੇਂ ਬਣੇ ਟਕਸਾਲੀ ਦਲ ਦੇ ਨੇਤਾਵਾ ਸਮੇਤ ਹੋਰ ਕਈਆਂ ਨੂੰ ਲੈ ਕੇ ਰਾਜ ਸਭਾ ਦੇ ਇਕ ਬਹੁਤ ਸੀਨੀਅਰ ਮੈਂਬਰ ਕੋਲ ਬਾਦਲਾਂ 'ਤੇ ਪ੍ਰਧਾਨਗੀ ਲੈਣ ਲਈ ਦਬਾਅ ਬਣਾਉਣ ਲਈ ਗਿਆ ਸੀ ਪਰ ਉਸ ਵੇਲੇ ਉਸ ਦੀ ਸੁਣੀ ਨਹੀਂ ਗਈ ਸੀ। ਇਸ ਵੇਲੇ ਵੀ ਉਹੋ ਨੇਤਾ ਪ੍ਰਧਾਨਗੀ ਲਈ ਸਰਗਰਮ ਹੈ। ਪੰਥਕ ਧਿਰ ਦੇ ਇਕ ਸੀਨੀਅਰ ਨੇਤਾ ਨੇ ਦਸਿਆ ਕਿ ਇਹ ਨੇਤਾ ਅੰਦਰੋਂ ਪੂਰੀ ਤਰ੍ਹਾਂ ਅੱਕ ਕੇ ਇਹ ਮੰਨਣ ਲੱਗਾ ਹੈ ਕਿ ਇਸ ਵਾਰ ਦਾਅ ਨਾ ਲੱਗਿਆ ਤਾਂ ਮੁੜ ਵਾਰੀ ਨਹੀਂ ਆਉਣੀ।

ਸ਼੍ਰੋਮਣੀ ਕਮੇਟੀ ਦੇ ਹੋਰ ਕਈ ਮੈਂਬਰ ਵੀ ਕੋਈ ਨਾ ਕੋਈ ਅਹੁਦਾ ਮਿਲਣ ਦੀ ਝਾਕ ਨਾਲ ਵਿਰੋਧੀਆਂ ਨਾਲ ਨੇੜਤਾ ਵਧਾ ਰਹੇ ਹਨ। ਇਸ ਤੋਂ ਬਿਨਾਂ ਪਰਮਜੀਤ ਸਿੰਘ ਰਾਏਪੁਰ ਕਲਾਂ ਅਤੇ ਮੋਗਾ ਤੋਂ ਇਕ ਮੈਂਬਰ ਨੂੰ ਵੀ ਕਾਂਗਰਸ ਪੱਖੀ ਮੰਨਿਆ ਜਾ ਰਿਹਾ ਹੈ। ਗੁਰਦਾਸਪੁਰ ਤੋਂ ਇਕ ਮੈਂਬਰ ਸਮੇਤ ਹੋਰ ਕਈ ਬਾਗ਼ੀ ਅਕਾਲੀਆਂ ਦੇ ਵਿਰੁਧ ਭੁਗਤਣ ਦਾ ਮੰਨ ਬਣਾ ਚੁਕੇ ਹਨ।

ਪੰਥਕ ਫ਼ਰੰਟ ਕੋਲ 170 ਵਿਚੋਂ ਤਿੰਨ ਦਰਜਨ ਮੈਂਬਰ ਪਹਿਲਾਂ ਹੀ ਪੱਕੇ ਹਨ। ਕਾਂਗਰਸ ਨਾਲ ਨੇੜਤਾ ਰੱਖਣ ਵਾਲੇ ਮੈਂਬਰਾਂ ਸਮੇਤ ਅਕਾਲੀ ਦਲ ਤੋਂ ਅੰਦਰੋਂ ਅੰਦਰੀ ਬਗ਼ਾਵਤ ਕਰੀ ਬੈਠੇ ਮੈਂਬਰ ਇਕੱਠੇ ਹੋ ਕੇ ਅਕਾਲੀ ਦਲ ਲਈ ਮੁਸੀਬਤ ਖੜੀ ਕਰ ਸਕਦੇ ਹਨ। ਇਹ ਵੀ ਮੰਨਿਆ ਜਾਣ ਲੱਗਾ ਹੈ ਕਿ ਲੌਂਗੋਵਾਲ ਦੀ ਤੀਜੀ ਵਾਰ ਪ੍ਰਧਾਨ ਬਣਨ ਦੀ ਮਨਸ਼ਾ ਸ਼ਾਇਦ ਪੂਰੀ ਨਾ ਹੋਵੇ ਤੇ ਮੋਗੇ ਵਾਲੇ ਸਾਬਕਾ ਮੰਤਰੀ ਨੂੰ ਇਹ ਅਹੁਦਾ ਦੇਣ ਲਈ ਅਕਾਲੀ ਦਲ ਨੂੰ ਮਜਬੂਰ ਹੋਣਾ ਪੈ ਜਾਵੇ।
ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਬਾਦਲ ਵਿਰੋਧੀਆਂ ਦੀ ਹੋ ਰਹੀ ਨੇੜਤਾ ਨੂੰ ਵਿਧਾਨ ਸਭਾ ਚੋਣਾਂ ਲਈ ਬਦਲਵਾਂ ਪ੍ਰਬੰਧ ਤਿਆਰ ਕਰਨ ਦਾ ਸੰਕੇਤ ਮੰਨਿਆ ਜਾ ਰਿਹਾ ਹੈ।