ਰੇਲਾਂ ਦਾ ਰੇੜਕਾ ਮੁਕਾਉਣ ਲਈ ਕੈਪਟਨ ਅੱਜ ਕਰਨਗੇ 31 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਖ਼ੁਦ ਹੋਏ ਸਰਗਰਮ

Captain Amarinder Singh

ਚੰਡੀਗੜ੍ਹ (ਗੁਰਉਪਦੇਸ਼) : ਕੇਂਦਰ ਸਰਕਾਰ ਵਲੋਂ ਕਿਸਾਨ ਅੰਦੋਲਨ ਦੇ ਚਲਦੇ ਪੰਜਾਬ 'ਚ ਮਾਲ ਗੱਡੀਆਂ ਨਾਲ ਚਲਾਏ ਜਾਣ ਕਾਰਨ ਹੋ ਰਹੇ ਸੂਬੇ ਦੇ ਵੱਡੇ ਆਰਥਕ ਨੁਕਸਾਨ ਦੇ ਮੱਦੇਨਜ਼ਰ ਕੇਂਦਰ ਤੇ ਕਿਸਾਨਾਂ ਵਿਚਕਾਰ ਚੱਲ ਰਹੇ ਰੇੜਕੇ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਖ਼ੁਦ ਸਰਗਰਮ ਹੋ ਗਏ ਹਨ।

26-27 ਨਵੰਬਰ ਨੂੰ ਲੱਖਾਂ ਕਿਸਾਨਾਂ ਵਲੋਂ ਦਿੱਲੀ ਕੂਚ ਦੇ ਮੱਦੇਨਜ਼ਰ ਕੇਂਦਰ ਨਾਲ ਟਕਰਾਅ ਹੋਰ ਵਧਣ ਦੀ ਬਣ ਰਹੀ ਸਥਿਤੀ ਵਿਚੋਂ ਨਿਕਲਣ ਲਈ ਖੇਤੀ ਕਾਨੂੰਨਾਂ ਬਾਰੇ ਸਾਂਝੀ ਰਣਨੀਤੀ ਬਣਾਉਣ ਤੇ ਰੇਲਾਂ ਚਲਵਾਉਣ ਲਈ ਵਿਚਾਰ ਵਟਾਂਦਰੇ ਲਈ ਕੈਪਟਨ ਅਮਰਿੰਦਰ ਸਿੰਘ ਨੇ 21 ਨਵੰਬਰ ਨੂੰ ਚੰਡੀਗੜ੍ਹ 'ਚ ਸੰਘਰਸਸ਼ੀਲ 31 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਲਈ ਸੱਦਿਆ ਹੈ।

ਬਣ ਰਹੀ ਸਥਿਤੀ 'ਤੇ ਮੁੱਖ ਮੰਤਰੀ ਕਾਫ਼ੀ ਚਿੰਤਤ ਹਨ। ਇਸ ਸਬੰਧ ਵਿਚ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਵਲੋਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਪ੍ਰਧਾਨਾ ਨੂੰ ਅੱਜ ਲਿਖਤੀ ਸੱਦਾ ਪੱਤਰ ਭੇਜੇ ਹਨ। ਜ਼ਿਕਰਯੋਗ ਹੈ ਕਿ ਜਿਥੇ ਕੇਂਦਰ ਸਰਕਾਰ ਮਾਲ ਗੱਡੀਆਂ ਨਾਲ ਮੁਸਾਫ਼ਰ ਗੱਡੀਆਂ ਚਲਾਉਣ ਦੀ ਸ਼ਰਤ ਲਾ ਰਹੀ ਹੈ, ਉਕੇ ਕਿਸਾਨ ਜਥੇਬੰਦੀਆਂ ਨੇ ਹੁਣ ਕੇਂਦਰ 'ਤੇ ਸ਼ਰਤ ਲਾ ਦਿਤੀ ਹੈ ਕਿ ਪਹਿਲਾਂ ਮਾਲ ਗੱਡੀਆਂ ਚਲਾਉ ਅਤੇ ਅਸੀ ਉਸ ਤੋਂ ਬਾਅਦ ਮੁਸਾਫ਼ਰ ਗੱਡੀਆਂ ਬਾਰੇ ਫ਼ੈਸਲਾ ਕਰਾਂਗੇ।

ਮੁੱਖ ਮੰਤਰੀ ਤੇ ਮੰਤਰੀ ਕਮੇਟੀ ਦੀ ਅਪੀਲ ਨੂੰ ਵੀ ਕਿਸਾਨ ਆਗੂ ਨਹੀਂ ਮੰਨ ਰਹੇ ਅਤੇ ਉਹ ਮੁਸਾਫ਼ਰ ਗੱਡੀਆਂ ਲਈ ਰਾਹ ਦੇਣ 'ਤੇ ਤੁਰਤ ਰੋਕਾਂ ਹਟਾਉਣ ਲਈ ਸਹਿਮਤ ਨਹੀਂ ਹੋ ਰਹੇ। ਇਸੇ ਕਾਰਨ ਰੇਲਾਂ ਦਾ ਮਾਮਲਾ ਉਲਝਿਆ ਪਿਆ ਹੈ। ਇਸ ਕਾਰਨ ਜਿਥੇ ਸੂਬੇ ਵਿਚ ਕੋਲੇ ਦੀ ਸਪਲਾਈ ਨਾ ਆਉਣ ਕਾਰਨ ਬਿਜਲੀ ਸੰਕਟ ਦੀ ਸਥਿਤੀ ਸਾਹਮਣੇ ਹੈ, ਉਥੇ  ਕਣਕ ਦੀ ਬਿਜਾਈ ਦੇ ਮੌਸਮ 'ਚ ਕਿਸਾਨਾਂ ਨੂੰ ਯੂਰੀਆ ਤੇ ਡੀ.ਏ.ਪੀ. ਖਾਦ ਦੀ ਸਪਲਾਈ ਨਹੀਂ ਆ ਰਹੀ।

ਉਦਯੋਗ ਤੇ ਵਪਾਰ ਦਾ ਹੀ ਹਜ਼ਾਰਾਂ ਕਰੋੜ ਦਾ ਕਾਰੋਬਾਰ ਮਾਲ ਗੱੜੀਆਂ ਬੰਦ ਹੋਣ ਕਾਰਨ ਪ੍ਰਭਾਵਤ ਹੋ ਰਿਹਾ ਹੈ। ਇਸ ਕਾਰਨ ਹੀ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦੀ ਹੈ। ਇਸ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਨੂੰ ਮਿਲਣਗੇ ਤੇ ਇਸ ਲਈ ਉਨ੍ਹਾਂ ਤੋਂ ਸਮਾਂ ਵੀ ਮੰਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਕੈਪਟਨ ਮਿਲ ਕੇ ਮਾਮਲੇ ਨੂੰ ਸੁਲਝਾਉਣ ਦਾ 26-27 ਤੋਂ ਪਹਿਲਾਂ ਕੋਈ ਹੱਲ ਕਰਵਾਉਣ ਲਈ ਯਤਨਸ਼ੀਲ ਹਨ।