'ਸਭ ਧਰਮਾਂ ਦੀ ਰਾਖੀ ਕਾਂਗਰਸ ਕਰਦੀ ਹੈ, ਭਾਜਪਾ ਦੇਸ਼ ਵਿਚ ਵੰਡੀਆਂ ਪਾ ਰਹੀ ਹੈ'
ਅਕਾਲੀ ਦਲ ਪੂਰੀ ਤਰ੍ਹਾਂ ਬਿਖਰ ਚੁੱਕਾ, 'ਆਪ' ਦੇ ਉਖੜੇ ਪੈਰ, ਹੁਣ ਨਹੀਂ ਲਗਦੇ
ਚੰਡੀਗੜ੍ਹ (ਜੀ.ਸੀ.ਭਾਰਦਵਾਜ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਹਿਲਾਂ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਨਾਲ ਹੋਈ ਉਥਲ-ਪੁਥਲ ਉਪਰੰਤ ਹੁਣ ਨਾਗਰਿਕਤਾ ਕਾਨੂੰਨ ਵਿਚ ਕੀਤੀ ਤਰਮੀਮ ਨਾਲ ਦੇਸ਼ ਵਿਚ ਘੱਟ ਗਿਣਤੀ ਕੌਮਾਂ 'ਤੇ ਵਿਸ਼ੇਸ਼ ਕਰ ਕੇ ਮੁਸਲਿਮ ਭਾਂਈਚਾਰੇ ਨਾਲ ਸਾਰੇ ਪਾਸਿਉਂ ਦਿਖਾਈ ਜਾ ਰਹੀ ਹਮਦਰਦੀ ਤੋਂ ਉਠੇ ਉਬਾਲ ਅਤੇ ਹਿੰਸਕ ਕਾਰਵਾਈਆਂ ਤੋਂ ਪੰਜਾਬ ਵਿਚ ਵੀ ਕਾਫੀ ਗਰਮਾਹਟ ਅਤੇ ਗੁੱਸੇ ਦੀ ਹਵਾ ਵਗਣੀ ਸ਼ੁਰੂ ਹੋ ਗਈ ਹੈ।
ਇਕ ਪਾਸੇ ਭਾਜਪਾ ਸਰਕਾਰ ਦੇ ਫ਼ੈਸਲਿਆਂ ਨਾਲ ਅੰਨ੍ਹੇ-ਵਾਹ ਹਾਮੀ ਭਰਨ ਵਾਲਿਆਂ ਦੇ ਬਿਆਨ ਆ ਰਹੇ ਹਨ, ਜਦੋਂਕਿ ਵਿਰੋਧ ਕਰਨ ਵਾਲੇ ਸ਼ੋਸ਼ਲ ਮੀਡੀਆ ਅਤੇ ਹੋਰ ਸੰਚਾਰ ਮਾਧਿਅਮ ਰਾਹੀਂ ਬਲਦੀ 'ਤੇ ਤੇਲ ਪਾ ਰਹੇ ਹਨ। ਇਸ ਸਬੰਧ 'ਚ ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ ਦੇ ਕੈਬਿਨਟ ਮੰਤਰੀ ਨਾਲ ਕੀਤੀ ਵਿਸ਼ੇਸ਼ ਗੱਲ-ਬਾਤ ਕੀਤੀ ਗਈ
ਸਾਧੂ ਸਿੰਘ ਧਰਮਸੋਤ ਨੇ ਦਸਿਆ ਕਿ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਛੇੜੇ ਸੰਘਰਸ਼ ਦੌਰਾਨ ਅਤੇ ਮਗਰੋਂ ਕੇਂਦਰ ਤੇ ਰਾਜਾਂ ਵਿਚ 70 ਸਾਲਾਂ ਦੇ ਸਮੇਂ ਵਿਚ ਸਰਕਾਰਾਂ ਦੌਰਾਨ ਸਾਰੇ ਧਰਮਾਂ, ਬਿਰਾਦਰੀਆਂ, ਲੋਕਾਂ ਦੇ ਸਾਰੇ ਵਰਗਾਂ ਅਤੇ ਜਾਤਾਂ ਦੇ ਗ਼ਰੀਬ ਤੇ ਅਮੀਰ ਭਾਈਚਾਰਿਆਂ ਨਾਲ ਸਾਂਝ ਬਣਾ ਕੇ ਰੱਖੀ ਅਤੇ ਉਨ੍ਹਾਂ ਦੀ ਸੁਰੱਖਿਆ ਕੀਤੀ, ਜਦੋਂਕਿ ਹੁਣ ਕੇਂਦਰ ਦੀ ਭਾਜਪਾ ਸਰਕਾਰ ਨਾਗਰਿਕਤਾ ਦੇ ਸੋਧ ਕਾਨੂੰਨ ਰਾਹੀਂ 20 ਕਰੋੜ ਤੋਂ ਵੱਧ ਮੁਸਲਮਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਨਜ਼ਰ ਆ ਰਹੀ ਹੈ।
ਸ. ਸਾਧੂ ਸਿੰਘ ਧਰਮਸੋਤ ਦਾ ਕਹਿਣਾ ਹੈ ਕਿ ਇਸ ਵਿਚਾਰ-ਧਾਰਾ ਨਾਲ ਦੇਸ਼ ਵਿਚ ਵੰਡੀਆਂ ਪੈ ਜਾਣਗੀਆਂ ਅਤੇ 1947 ਦੀ ਕਤਲੋ-ਗਾਰਦ ਉਪਰੰਤ 70 ਸਾਲਾਂ ਵਿਚ ਸੁਧਾਰੇ ਗਏ ਹਾਲਾਤ ਹੁਣ ਫਿਰ ਉਸੀ ਤਰ੍ਹਾਂ ਨਫ਼ਰਤ ਫ਼ਿਰਕਾ ਪ੍ਰਸਤੀ ਤੇ ਸਮਾਜਕ ਲੜਾਈ ਅਤੇ ਬੁਰੇ ਮਾਹੌਲ ਵਿਚ ਬਦਲ ਜਾਣਗੇ। ਧਰਮਸੋਤ ਨੇ ਕਿਹਾ ਕਿ ਪੰਜਾਬ ਦੀ ਭੁਗੋਲਿਕ, ਸਮਾਜਕ, ਆਰਥਕ, ਵਿਦਿਅਕ, ਮਨੋ-ਵਿਗਿਆਨਕ ਸਥਿਤੀ ਵਖਰੀ ਹੈ ਅਤੇ ਕੇਂਦਰ ਦੇ ਅਜਿਹੇ ਇਕ ਪਾਸੜ ਫ਼ੈਸਲਿਆਂ ਦਾ ਵਿਰੋਧ ਹਿੰਦੂ-ਸਿੱਖ ਦੋਨੋ ਹੀ ਕਰਨਗੇ ਕਿਉਂਕਿ ਸਭ ਤੋਂ ਪੁਰਾਣੀ ਸੱਭਿਅਤਾ ਵਾਲੇ ਇਸ ਸਰਹੱਦੀ ਸੂਬੇ ਵਿਚ ਗੁਰੂਆਂ, ਰਿਸ਼ੀਆਂ-ਮੁਨੀਆਂ, ਸੰਤਾਂ, ਪੀਰ ਪੈਗੰਬਰਾਂ ਨੇ ਸਰਬ-ਸਾਂਝੀਵਾਲਤਾ ਦਾ ਪਾਠ ਪੜ੍ਹਾਇਆ ਸੀ।
ਪੰਜਾਬ ਦੀ ਦੁਬਾਰਾ 1966 ਵਿਚ ਹੋਈ ਵੰਡ ਮਗਰੋਂ ਸਿਆਸਤ ਵਿਚ ਮਜ਼ਬੂਤ ਭੂਮਿਕਾ ਨਿਭਾਉਣ ਵਾਲੀਆਂ ਕਾਂਗਰਸ ਤੇ ਅਕਾਲੀ ਦਲਾਂ ਦੇ ਭਵਿੱਖ ਬਾਰੇ ਪੁੱਛੇ ਸਆਲਾਂ ਦੇ ਜੁਆਬ ਵਿਚ ਮੂੰਹ-ਫੱਟ ਤੇ ਸਪੱਸ਼ਟ ਇਸ ਬੁਲਾਰੇ ਨੇ ਕਿਹਾ ਕਿ ਭਾਵੇਂ ਕੇਂਦਰ ਵਿਚ ਕਾਂਗਰਸ ਦਿਨੋ-ਦਿਨ ਕਮਜ਼ੋਰ ਹੋਈ ਹੈ ਪਰ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਹੋਰ ਤਕੜੀ ਬਣਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਦੀ ਪਾਰਟੀ ਅਖਵਾਂਦੀ ਅਕਾਲੀ ਦਲ ਕੇਵਲ ਇਕ 'ਪਰਵਾਰ ਦਲ' ਬਣ ਕੇ ਰਹਿ ਗਿਆ ਹੈ ਅਤੇ ਪੁਰਾਣੇ ਤੇ ਘਾਗ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਵਲੋਂ ਖੁੱਲ੍ਹੇ ਤੌਰ 'ਤੇ ਪ੍ਰਧਾਨ ਸੁਖਬੀਰ ਬਾਦਲ ਵਿਰੁਧ ਬਗਾਵਤ ਕਰਨਾ ਉਸ ਨੂੰ ਪ੍ਰਧਾਨ ਨਾ ਮੰਨਣਾ ਅਤੇ ਸੰਗਰੂਰ ਸਮੇਤ ਮਾਲਵਾ ਤੇ ਮਾਝਾ ਇਲਾਕਿਆਂ ਵਿਚ ਵਿਰੋਧ ਹੋਣਾ ਇਹ ਸੰਕੇਤ ਕਰਦਾ ਹੈ ਕਿ ਅਕਾਲੀ ਦਲ ਪੂਰੀ ਤਰ੍ਹਾਂ ਬਿਖਰ ਰਿਹਾ ਹੈ।
2017 ਚੋਣਾਂ ਵਿਚ ਕਾਫੀ ਨਵੀਂ ਸੋਚ ਵਜੋਂ ਉਭਰੀ 'ਆਪ' ਸਬੰਧੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਫੂਲਕਾ, ਖਹਿਰਾ, ਚੀਮਾ, ਸੰਧਵਾਂ, ਸੰਦੋਆ, ਕੰਵਰ ਸੰਧੂ ਗੁੱਟਾਂ ਵਿਚ ਵੰਡੀ ਇਸ ਪਾਰਟੀ ਦੇ ਪੈਰ ਉਖਾੜ ਚੁੱਕੀ ਹੈ ਅਤੇ ਪੰਜਾਬ ਵਿਚ ਬਿਨਾਂ ਕਿਸੇ ਸਿਧਾਂਤ, ਦਿਸ਼ਾ-ਨਿਰਦੇਸ਼ ਅਤੇ ਸੂਝਵਾਨ ਆਗੂ ਦੇ ਇਸ ਬੁਲ ਬੁਲਾ ਵਰਗੀ ਜਥੇਬੰਦੀ ਹੁਣ 2022 ਵਿਚ ਕੋਈ ਖਾਸ ਨਤੀਜੇ ਨਹੀਂ ਦਿਖਾ ਪਾਏਗੀ।
ਸ. ਧਰਮਸੋਤ ਨੇ ਮੰਨਿਆ ਕਿ ਪੰਜਾਬ ਦੀ ਵਿੱਤੀ ਸਥਿਤੀ ਸੰਕਟ ਮਈ ਹੈ ਪਰ ਹੌਲੀ ਹੌਲੀ ਸੁਧਾਰ ਹੋਵੇਗਾ। ਵਿਕਾਸ ਕੰਮਾਂ ਵਿਚ ਖੜੋਤ ਆ ਗਈ ਹੈ। ਕੇਂਦਰ ਤੋਂ ਮਦਦ ਘੱਟ ਹੈ ਪਰ ਵੱਡੀਆਂ ਕੰਪਨੀਆਂ ਵਲੋਂ ਕੀਤਾ ਜਾ ਰਿਹਾ ਪੂੰਜੀ ਨਿਵੇਸ਼ ਆਉਂਦੇ ਦੋ ਸਾਲਾਂ ਵਿਚ ਰੁਜ਼ਗਾਰ ਦੇ ਵਾਧੂ ਮੌਕੇ ਪੈਦਾ ਕਰੇਗਾ ਅਤੇ ਪੰਜਾਬ ਦੇ ਵਿਕਾਸ ਦੀ ਗਤੀ ਤੇਜ਼ ਹੋਵੇਗੀ।
ਦੋ ਸਾਲਾਂ ਮਗਰੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣਨ ਦੇ ਪੱਕੇ ਇਰਾਦੇ ਦੀ ਤਾਈਦ ਕਰਦੇ ਹੋਏ ਇਸ 59 ਸਾਲ ਦੇ ਤਜ਼ਰਬੇਕਾਰ ਦਲਿਤ ਭਾਈਚਾਰੇ ਦੇ ਦ੍ਰਿੜ ਇਰਾਦੇ ਵਾਲੇ ਕਾਂਗਰਸੀ ਆਗੂ ਨੇ ਸਪੱਸ਼ਟ ਕਿਹਾ ਕਿ ਕਿਸੇ ਹੋਰ ਸਿੱਖ ਲੀਡਰ ਵਿਚ ਇੰਨਾ ਦਮ ਨਹੀਂ ਹੈ ਕਿ ਸੂਬੇ ਦੀ ਸਰਕਾਰ ਦੀ ਕਮਾਨ ਸੰਭਾਲ ਸਕੇ ਭਾਵੇਂ ਉਹ ਸਿਧੂ ਹੋਵੇ, ਮਨਪ੍ਰੀਤ ਹੋਵੇ ਜਾਂ ਕੋਈ ਹੋਰ ਖੁਆਬ ਲੈਣ ਵਾਲਾ ਕਾਂਗਰਸੀ ਲੀਡਰ ਹੋਵੇ।