"ਜੰਗਾਂ ਦੌਰਾਨ ਜਾਨਵਰਾਂ ਨੇ ਵੀ ਸਾਡਾ ਸਾਥ ਦਿੱਤਾ ਪਰ ਸਿਆਸਤਦਾਨ ਸਾਡੇ ਨਾਲ ਸਿਆਸਤ ਹੀ ਕਰਦੇ ਨੇ"

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਗ ਦੌਰਾਨ ਵਾਪਰੇ ਬਹਾਦਰੀ ਭਰਪੂਰ ਕਾਰਨਾਮਿਆਂ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਣ ਲਈ ਪ੍ਰੋਗਰਾਮ ਉਲੀਕਣ ਸਰਕਾਰਾਂ- ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ

Brigadier Kuldip Singh Kahlon

ਚੰਡੀਗੜ੍ਹ (ਹਰਦੀਪ ਸਿੰਘ ਭੋਗਲ):  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਦਸੰਬਰ ਨੂੰ 1971 ਦੀ ਜੰਗ ਵਿਚ ਪਾਕਿਸਤਾਨ ਉਤੇ ਭਾਰਤੀ ਹਥਿਆਰਬੰਦ ਬਲਾਂ ਦੀ ਜਿੱਤ ਦਾ ਸਨਮਾਨ ਕਰਨ ਲਈ ਵਿਜੇ ਦਿਵਸ ਮਨਾਇਆ ਗਿਆ। ਇਸ ਦਿਨ ਭਾਰਤ ਦੇਸ਼ ਦੀ ਰੱਖਿਆ ਕਰਨ ਵਾਲੇ ਸਾਰੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦਾ ਹੈ ਪਰ ਨੌਜਵਾਨ ਪੀੜੀ ਇਹਨਾਂ ਚੀਜ਼ਾਂ ਨੂੰ ਭੁੱਲ਼ਦੀ ਜਾ ਰਹੀ ਹੈ। 1971 ਦੀ ਜੰਗ ਬਾਰੇ ਗੱਲ ਕਰਦਿਆਂ ਸਾਬਕਾ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਭਾਰਤ-ਪਾਕਿਸਤਾਨ ਵਿਚਾਲੇ ਇਹ ਇਤਿਹਾਸਕ ਜੰਗ ਉਹ ਜੰਗ ਸੀ ਜਿਸ ਨੇ ਇਕ ਨਵੇਂ ਮੁਲਕ ਬੰਗਲਾਦੇਸ਼ ਦੀ ਸਿਰਜਣਾ ਕੀਤੀ।

ਇਸ ਦੌਰਾਨ ਪਾਕਿਸਤਾਨੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਏਏਕੇ ਨਿਆਜ਼ੀ ਅਪਣੇ 93 ਹਜ਼ਾਰ ਫੌਜੀਆਂ ਸਣੇ ਜਨਰਲ ਜਗਜੀਤ ਸਿੰਘ ਅਰੋੜਾ ਸਾਹਮਣੇ ਗੋਡੇ ਟੇਕ ਦਿੱਤੇ ਸਨ। ਇਸ ਵਿਚ ਨੌਜਵਾਨ ਪੀੜੀ ਨੇ ਅਹਿਮ ਭੂਮਿਕਾ ਨਿਭਾਈ। ਉਸ ਦੌਰਾਨ ਬ੍ਰਿਗੇਡੀਅਰ ਕਾਹਲੋਂ ਮਾਊਂਟੇਨ ਰਜ਼ੀਮੈਂਟ ਵਿਚ ਯੂਨਿਟ ਐਡਜੂਟੈਂਟ ਦੀ ਡਿਊਟੀ ਨਿਭਾਅ ਰਹੇ ਸਨ। ਜੇਕਰ ਨੌਜਵਾਨ ਪੀੜੀ ਅੱਗੇ ਨਾ ਆਉਂਦੀ ਤਾਂ 13 ਦਿਨਾਂ ਵਿਚ ਇਹ ਜੰਗ ਖਤਮ ਨਹੀਂ ਸੀ ਹੋਣੀ।  ਭਾਰਤ ਅਤੇ ਪਾਕਿਸਤਾਨ ਦਰਮਿਆਨ 1965 ਦੀ ਜੰਗ ਵਿਚ ਵੀ ਨੌਜਵਾਨਾਂ ਅਤੇ ਕਿਸਾਨਾਂ ਦੀ ਅਹਿਮ ਭੂਮਿਕਾ ਰਹੀ। ਉਹਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਇਸ ਇਤਿਹਾਸ ਨੂੰ ਭੁੱਲ਼ਦੀ ਜਾ ਰਹੀ ਹੈ, ਇਸ ਕੀਮਤੀ ਇਤਿਹਾਸ ਨੂੰ ਸਾਂਭਲ ਲਈ ਸਰਕਾਰਾਂ ਨੂੰ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ।

ਉਹਨਾਂ ਕਿਹਾ ਕਿ ਜਦੋਂ ਤੱਕ ਇਹਨਾਂ ਜੰਗਾਂ ਬਾਰੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ, ਉਦੋਂ ਤੱਕ ਇਹਨਾਂ ਦੀ ਯਾਦ ਵਿਚ ਦਿਹਾੜੇ ਮਨਾਉਣ ਦਾ ਕੋਈ ਫਾਇਦਾ ਨਹੀਂ। ਬ੍ਰਿਗੇਡੀਅਰ ਕਾਹਲੋਂ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ। ਉਹਨਾਂ ਨੂੰ ਜੰਗ ਦੌਰਾਨ ਵਾਪਰੇ ਬਹਾਦਰੀ ਭਰਪੂਰ ਕਾਰਨਾਮਿਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।

ਜੰਗ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਜੰਗਾਂ ਦੌਰਾਨ ਜਾਨਵਰਾਂ ਨੇ ਬਹੁਤ ਸਾਥ ਦਿੱਤਾ। ਫੌਜੀ ਖੱਚਰਾਂ ਰਾਹੀਂ ਅਪਣੀ ਮੰਜ਼ਿਲ ’ਤੇ ਪਹੁੰਚਦੇ ਸੀ। ਇਕ ਵਾਰੀ ਪਾਕਸਿਤਾਨੀ ਫੌਜ ਵਲੋਂ ਖੱਚਰਾਂ ਦੇ ਕਾਫਲੇ ਨੂੰ ਕੈਦ ਕਰ ਲਿਆ ਗਿਆ, ਇਕ ਖੱਚਰ ਪਾਕਿਸਾਤਾਨੀ ਫੌਜ ਦੇ ਘੇਰੇ ਵਿਚੋਂ ਛੁੱਟ ਕੇ ਵਾਪਸ ਭਾਰਤੀ ਫੌਜ ਦੇ ਸੈਨਿਕਾਂ ਕੋਲ ਵਾਪਸ ਆ ਗਈ। ਉਸ ਨੂੰ ਦਿੱਲੀ ਬੁਲਾ ਕੇ ਸਨਮਾਨਿਤ ਵੀ ਕੀਤਾ ਗਿਆ। ਸਿਆਸਤਦਾਨ ਸਿਰਫ ਅਪਣੀ ਕੁਰਸੀ ਸਾਂਭਣ ਵਿਚ ਜੁਟੇ ਰਹੇ। ਫੌਜ ਨੂੰ ਸਿਰਫ ਮੁਸ਼ਕਿਲ ਸਮੇਂ ਵਿਚ ਹੀ ਯਾਦ ਕੀਤਾ ਜਾਂਦਾ ਹੈ। ਉਹਨਾਂ ਸਰਕਾਰਾਂ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਹਰ ਜੰਗ ਜਿੱਤਣ ਤੋਂ ਬਾਅਦ ਫੌਜ ਦਾ ਦਰਜਾ ਹੇਠਾਂ ਖਿਸਕਦਾ ਗਿਆ।

ਇਸ ਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਜਨਰਲ ਮਾਨਕ ਸ਼ਾਹ ਨੂੰ ਫੀਲਡ ਮਾਰਸ਼ਲ ਦਾ ਅਹੁਦਾ ਤਾਂ ਦਿੱਤਾ ਗਿਆ ਪਰ ਉਸ ਦੀ ਵਧੀ ਹੋਈ ਤਨਖਾਹ, ਭੱਤੇ ਆਦਿ ਦਾ ਭੁਗਤਾਨ ਕਰਨ ਲਈ 40 ਸਾਲ ਲੱਗੇ। ਜਦੋਂ ਰਾਸ਼ਟਰਪਤੀ ਅਬਦੁੱਲ ਕਲਾਮ ਫੀਲਡ ਮਾਰਸ਼ਲ ਦੀ ਬਿਮਾਰੀ ਦੀ ਹਾਲਤ ਵਿਚ ਉਹਨਾਂ ਨੂੰ ਵਲਿੰਗਟਨ ਵਿਚ ਮਿਲਣ ਗਏ। ਉਹਨਾਂ ਕਿਹਾ ਕਿ ਜੇਕਰ ਜੇਤੂ ਜਰਨੈਲ ਨਾਲ ਅਜਿਹਾ ਕੀਤਾ ਗਿਆ ਤਾਂ ਇਕ ਜਵਾਨ ਨੂੰ ਕੌਣ ਪੁੱਛੇਗਾ? ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਜੰਗਾਂ ਦੇ ਇਤਿਹਾਸ ਨਾਲ ਜੋੜਨ ਲਈ ਉਹਨਾਂ ਦੀ ਪੜ੍ਹਾਈ ਵਿਚ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਵੱਖ-ਵੱਖ ਜੰਗਾਂ ਸਬੰਧੀ ਪ੍ਰਾਜੈਕਟ ਦਿੱਤੇ ਜਾਣੇ ਚਾਹੀਦੇ ਹਨ। ਇਸ ਦੇ ਲਈ ਉਹਨਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਐਨਸੀਸੀ ਵੀ ਅਹਿਮ ਯੋਗਦਾਨ ਪਾ ਸਕਦੀ ਹੈ।