ਬਿਕਰਮ ਮਜੀਠੀਆ ਖ਼ਿਲਾਫ਼ FIR ਤੋਂ ਬਾਅਦ ਨਵਜੋਤ ਸਿੱਧੂ ਨੇ ਕੀਤੀ ਪ੍ਰੈੱਸ ਕਾਨਫਰੰਸ, ਪੜ੍ਹੋ ਕੀ ਕਿਹਾ
ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਸ਼ਾਨੇ ’ਤੇ ਲਿਆ।
ਅੰਮ੍ਰਿਤਸਰ (ਸਰਵਣ ਸਿੰਘ ਰੰਧਾਵਾ): ਡਰੱਗ ਮਾਮਲੇ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਖਿਲਾਫ਼ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਕਾਨੂੰਨ ਵਾਲੇ ਕਾਨੂੰਨੀ ਕਾਰਵਾਈ ਕਰ ਰਹੇ ਹਨ। ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਹਾਂ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਛੇ ਸਾਲ ਤੋਂ ਉਡੀਕ ਰਹੇ ਸੀ ਕਿ ਅਸਲ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਇਹ ਜਾਇਜ਼ ਮੰਗ ਹੈ ਪਰ ਇਸ 'ਤੇ ਰਾਜਨੀਤੀ ਹੁੰਦੀ ਰਹੀ। ਜਿਨ੍ਹਾਂ ਨੇ ਇਹ ਕੀਤਾ ਉਹ ਦਰ-ਦਰ ਠੋਕਰਾਂ ਖਾਂਦੇ ਫਿਰ ਰਹੇ ਹਨ।
ਇਸ ਦੌਰਾਨ ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਸ਼ਾਨੇ ’ਤੇ ਲਿਆ। ਉਹਨਾਂ ਕਿਹਾ, ''ਕੇਜਰੀਵਾਲ ਇੱਥੇ ਆ ਕੇ ਸਾਡੇ ਅਧਿਆਪਕਾਂ ਨੂੰ ਝਾਂਸਾ ਦੇ ਰਿਹਾ ਹੈ ਜਦਕਿ ਦਿੱਲੀ ਦੇ ਅਧਿਆਪਕਾਂ ਨੂੰ 15-15 ਦਿਨਾਂ ਲਈ ਠੇਕੇ 'ਤੇ ਰੱਖਿਆ ਹੋਇਆ ਹੈ, ਇਸੇ ਲਈ ਮੈਂ ਉਸ ਨੂੰ ਬਹਿਸ ਕਰਨ ਦੀ ਚੁਣੌਤੀ ਦਿੱਤੀ, ਕੇਜਰੀਵਾਲ ਬਹਿਸ ਤੋਂ ਹੀ ਭੱਜ ਗਿਆ। ਜਦੋਂ ਮੈਂ ਰੇਤ ਮਾਫੀਆ ਲਈ ਲੜਦਾ ਸੀ ਤਾਂ ਕਹਿੰਦਾ ਸੀ ਕਿ ਛੋਟਾ ਕੇਜਰੀਵਾਲ ਘੁੰਮ ਰਿਹਾ ਹੈ। ਮੈਂ ਕਹਿੰਦਾ ਹਾਂ ਨਕਲੀ ਸਿੱਧੂ ਘੁੰਮ ਰਿਹਾ ਹੈ, ਜੋ ਮੇਰੀ ਪਾਲਿਸੀ ਦੇਖਦਾ ਹੈ ਅਤੇ ਉਸ ਦੀ ਨਕਲ ਕਰਦਾ ਹੈ''।
ਉਹਨਾਂ ਕਿਹਾ ਕਿ ਇਹ ਉਹੀ ਕੇਜਰੀਵਾਲ ਨੇ ਜਿਸ ਨੇ ਬਿਕਰਮ ਮਜੀਠੀਆ ਤੋਂ ਮਾਫੀ ਮੰਗੀ ਸੀ। ਰਾਣਾ ਗੁਰਜੀਤ ਸਿੰਘ ਸੋਢੀ ਦੇ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ’ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਹਰੇਕ ਦਾ ਨਿੱਜੀ ਫੈਸਲਾ ਹੈ, ਕਾਂਗਰਸ ਨੂੰ ਕੋਈ ਛੱਡ ਕੇ ਚਲਾ ਜਾਵੇ ਜਾਂ ਕੋਈ ਕਾਂਗਰਸ ਵਿਚ ਆ ਜਾਵੇ, ਇਸ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਂਦਾ। ਕਾਂਗਰਸ ਇਕ ਵਿਚਾਰਧਾਰਾ ਹੈ, ਕਈ ਇਸ ਨਾਲ ਜੁੜੇ ਅਤੇ ਕਈ ਚਲੇ ਗਏ।
ਬੇਅਦਬੀ ਮਾਮਲਾ ’ਤੇ ਉਹਨਾਂ ਕਿਹਾ ਕਿ ਜਦੋਂ ਵੀ ਚੋਣਾਂ ਦਾ ਸਮਾਂ ਨੇੜੇ ਆਉਂਦਾ ਹੈ, ਬੇਅਦਬੀ ਦੇ ਮਾਮਲੇ ਵੱਧ ਜਾਂਦੇ ਹਨ। ਅਜਿਹਾ ਕਰਕੇ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।