ਭਾਜਪਾ, ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੋਂ ਪਿਛਾ ਛੁਡਾਉਣਾ ਚਾਹੁੰਦੀ ਹੈ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨ੍ਹਾਂ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਅਤੇ ਨਸ਼ਿਆਂ ਦੇ ਮੁੱਦੇ 'ਤੇ ਬਦਨਾਮੀ ਝੱਲ ਰਹੀ ਅਕਾਲੀ ਦਲ ਦੀ ਵਰਤਮਾਨ ਲੀਡਰਸ਼ਿਪ ਹੁਣ ਭਾਜਪਾ ਨੂੰ ਭਾਰ ਲੱਗਣ ਲੱਗੀ ਹੈ।

Photo

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਅਕਾਲੀ ਦਲ ਵਲੋਂ ਕੀਤੇ ਬਾਈਕਾਟ ਤੇ ਟਿਪਣੀ ਕਰਦਿਆਂ ਕਿਹਾ ਕਿ ਅਸਲ ਵਿਚ ਭਾਰਤੀ ਜਨਤਾ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੋਂ ਪਿਛਾ ਛੁਡਾਉਣਾ ਦੀ ਇਹ ਸੋਚੀ ਸਮਝੀ ਵਿਊਂਤਬੰਦੀ ਦਾ ਹੀ ਇਕ ਹਿੱਸਾ ਹੈ।  

ਉਨ੍ਹਾਂ ਨੇ ਕਿਹਾ ਕਿ ਜੋ ਮੌਜੂਦਾ ਸਿਆਸੀ ਦ੍ਰਿਸ਼ ਬਣ ਰਿਹਾ ਹੈ ਉਸ ਤੋਂ ਸਪਸ਼ਟ ਹੈ ਕਿ ਭਾਜਪਾ ਦੇ ਪਿੱਠ ਤੋਂ ਹੱਟ ਜਾਣ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦਾ ਪਾਰਟੀ 'ਤੇ ਕਾਬਜ ਰਹਿਣਾ ਸੰਭਵ ਨਹੀਂ ਹੈ।  

ਸੁਨਿਲ ਜਾਖੜ ਨੇ ਕਿਹਾ ਪਿਛਲੇ ਸਮੇਂ ਵਿਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹਾ ਇਤਫ਼ਾਕ ਮਾਤਰ ਨਹੀਂ ਹੈ ਬਲਕਿ ਇਸ ਪਿਛੇ ਭਾਰਤੀ ਜਨਤਾ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਗਠਬੰਧਨ 'ਤੇ ਪਏ ਬੋਝ ਨੂੰ ਖ਼ਤਮ ਕਰਨ ਦੀ ਸੋਚੀ ਸਮਝੀ ਯੋਜਨਾਬੰਦੀ ਕੰਮ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਅਤੇ ਨਸ਼ਿਆਂ ਦੇ ਮੁੱਦੇ 'ਤੇ ਬਦਨਾਮੀ ਝੱਲ ਰਹੀ ਅਕਾਲੀ ਦਲ ਦੀ ਵਰਤਮਾਨ ਲੀਡਰਸ਼ਿਪ ਹੁਣ ਭਾਜਪਾ ਨੂੰ ਭਾਰ ਲੱਗਣ ਲੱਗੀ ਹੈ। ਇਸੇ ਲਈ ਪਹਿਲਾਂ ਸ: ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲੀ ਦਲ ਦੀ ਸਹਿਮਤੀ ਦੇ ਬਿਨਾਂ ਹੀ ਪਦਮ ਭੁਸਣ ਸਨਮਾਨ ਨਾਲ ਨਿਵਾਜਿਆ ਜਾਣਾ, ਫਿਰ ਹਰਿਆਣਾ ਵਿਚ ਭਾਜਪਾ ਵਲੋਂ ਅਕਾਲੀ ਦਲ ਨੂੰ ਗਠਬੰਧਨ ਵਿਚ ਸ਼ਾਮਲ ਨਾ ਕਰਨਾ।

ਇਸ ਤੋਂ ਬਾਅਦ ਇਕ ਸੁਲਝੇ ਹੋਏ ਸ: ਢੀਂਡਸਾ ਦਾ ਪਾਰਟੀ ਛੱਡ ਜਾਣਾ ਅਤੇ ਹੁਣ ਦਿੱਲੀ ਵਿਚ ਅਕਾਲੀ ਦਲ ਦੇ ਆਗੂਆਂ ਨੂੰ ਭਾਜਪਾ ਨੇ ਸ਼ੀਸ਼ਾ ਵਿਖਾ ਕੇ ਅਪਣੀ ਮਨਸਾ ਸਪੱਸ਼ਟ ਕਰ ਦਿਤੀ ਹੈ ਕਿ ਉਸਨੂੰ ਇਸ ਵਰਤਮਾਨ ਲੀਡਰਸ਼ਿਪ ਵਿਚ ਹੁਣ ਕੋਈ ਰੂਚੀ ਨਹੀਂ ਹੈ।