...ਤੇ ਟੁੱਟ ਗਈ ਕੜੱਕ ਕਰ ਕੇ! ਅਖ਼ੀਰ ਵੱਖ ਹੋ ਹੀ ਗਏ ਅਕਾਲੀ-ਭਾਜਪਾ ਗਠਜੋੜ ਦੇ ਰਸਤੇ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਅੰਦਰ ਗਠਜੋੜ ਵਿਚਾਲੇ ਤੋੜ-ਵਿਛੋੜੇ ਦੀਆਂ ਕਨਸੋਆਂ

file photo

ਨਵੀਂ ਦਿੱਲੀ : ਜਿਉਂ ਜਿਉਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਗਲਿਆਰਿਆਂ ਅੰਦਰ ਹਲਚਲ ਵਧਦੀ ਜਾ ਰਹੀ ਹੈ। ਇਸੇ ਦੌਰਾਨ ਜਿੱਥੇ ਕਈ ਨਵੇਂ ਯਰਾਨੇ ਜੁੜ ਰਹੇ ਹਨ ਉਥੇ ਕਈਆਂ ਦੀਆਂ ਚਿਰਾਂ ਦੀਆਂ ਲੱਗੀਆਂ ਟੁੱਟਣ ਕਿਨਾਰੇ ਪਹੁੰਚ ਚੁੱਕੀਆਂ ਹਨ। ਅਜਿਹਾ ਹਾ ਤੋੜ-ਵਿਛੋੜਾ ਨਹੁੰ-ਮਾਸ ਦਾ ਰਿਸ਼ਤਾ ਹੋਣ ਦਾ ਦਮ ਭਰਦੇ ਅਕਾਲੀ-ਭਾਜਪਾ ਗਠਜੋੜ ਵਿਚਾਲੇ ਹੋਣ ਦੀਆਂ ਕਨਸੋਆਂ ਸਾਹਮਣੇ ਆ ਰਹੀਆਂ ਹਨ।

ਸੂਤਰਾਂ ਮੁਤਾਬਕ ਦਿੱਲੀ ਚੋਣਾਂ ਦੌਰਾਨ ਅਕਾਲੀ ਦਲ ਤੇ ਭਾਜਪਾ ਨੇ ਅਪਣੀ ਮੰਜ਼ਿਲ ਤੇ ਰਸਤੇ ਅਲੱਗ ਕਰ ਲਏ ਹਨ। ਜਾਣਕਾਰੀ ਮੁਤਾਬਕ ਪੰਜਾਬ ਅੰਦਰ ਹਾਸ਼ੀਏ ਤੇ ਪਹੁੰਚ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਦਿੱਲੀ ਚੋਣਾਂ ਦੌਰਾਨ ਅਪਣੀ ਸਿਆਸੀ ਥਾਂ ਕੁੱਝ ਮੋਕਲੀ ਹੋਣ ਦੀ ਉਮੀਦ ਸੀ। ਇਸੇ ਤਹਿਤ ਅਕਾਲੀ ਦਲ ਦਿੱਲੀ ਵਿਚ ਕੁੱਝ ਜ਼ਿਆਦਾ ਸੀਟਾਂ 'ਤੇ ਕਿਸਮਤ ਅਜਮਾਉਣਾ ਚਾਹੁੰਦਾ ਸੀ। ਪਰ ਭਾਜਪਾ ਨੇ ਉਸ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿਤਾ ਹੈ।

ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਜੇਕਰ ਦੋਵਾਂ ਪਾਰਟੀਆਂ ਵਿਚਾਲੇ ਸਮਝੌਤਾ ਹੁੰਦਾ ਹੈ ਤਾਂ ਅਕਾਲੀ ਦਲ ਚਾਰ ਸੀਟਾਂ 'ਤੇ ਚੋਣ ਲੜੇਗਾ। ਵਰਨਾ ਅਕਾਲੀ ਦਲ ਵੱਧ ਸੀਟਾਂ 'ਤੇ ਵੀ ਚੋਣ ਲੜ ਸਕਦਾ ਹੈ। ਉਨ੍ਹਾਂ ਦੇ ਇਸਾਰੇ ਦਾ ਮਤਲਬ 4 ਤੋਂ 70 ਸੀਟਾਂ ਅਰਥਾਤ ਸਾਰੀਆਂ ਸੀਟਾਂ 'ਤੇ ਚੋਣ ਲੜਨਾ ਵੀ ਕੱਢਿਆ ਜਾ ਰਿਹਾ ਹੈ।

ਸੂਤਰਾਂ ਅਨੁਸਾਰ ਉਨ੍ਹਾਂ ਨੇ ਇਥੋਂ ਤਕ ਕਹਿ ਦਿਤਾ ਹੈ ਕਿ ਦਿੱਲੀ 'ਚ ਸਾਡੀ ਭਾਜਪਾ ਨਾਲ ਗੱਲਬਾਤ ਰੁਕ ਗਈ ਹੈ ਅਤੇ ਅਸੀਂ ਅਪਣੇ ਵਰਕਰਾਂ ਨੂੰ ਚੋਣ ਲੜਨ ਲਈ ਕਹਿ ਦਿੰਦਾ ਹੈ। ਭਾਜਪਾ ਦੇ ਤੇਵਰਾਂ ਤੋਂ ਜਾਪਦਾ ਹੈ ਕਿ ਉਹ ਪੰਜਾਬ ਅੰਦਰ ਵੀ ਇਕੱਲੇ ਚੋਣ ਲੜਨ ਦਾ ਮੰਨ ਬਣਾ ਚੁਕੀ ਹੈ। ਪੰਜਾਬ ਅੰਦਰ ਅਕਾਲੀ ਦਲ ਨੂੰ ਟਕਸਾਲੀਆਂ ਵਲੋਂ ਵੱਖ ਚੁਨੌਤੀ ਦਿਤੀ ਜਾ ਰਹੀ ਹੈ। ਅਜਿਹੇ 'ਚ ਦਿੱਲੀ 'ਚ ਬਦਲੇ ਸਿਆਸੀ ਸਮੀਕਰਨਾਂ ਬਾਅਦ ਪੰਜਾਬ ਦੀ ਸਿਆਸਤ 'ਤੇ ਵੀ ਵੱਡਾ ਅਸਰ ਪੈਣ ਦੇ ਅਸਾਰ ਬਣਦੇ ਜਾ ਰਹੇ ਹਨ।

ਇਸੇ ਦੌਰਾਨ ਦਿੱਲੀ ਬੀਜੇਪੀ ਦੇ ਪ੍ਰਧਾਨ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਸੀਟਾਂ ਤੈਅ ਹੋ ਚੁੱਕੀਆਂ ਹਨ। ਇਸ ਵਿਚ ਅਕਾਲੀ ਦਲ ਦਾ ਕਿਤੇ ਵੀ ਨਾਮ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਵੀ ਭਾਜਪਾ ਨਾਲ ਅਕਾਲੀ ਦਲ ਦੀ ਗੱਲ ਸਿਰੇ ਨਹੀਂ ਸੀ ਚੜ੍ਹ ਸਕੀ।  ਪਰ ਦਿੱਲੀ 'ਚ ਟੁੱਟੀ ਦਾ ਅਸਰ ਪੰਜਾਬ ਦੀ ਸਿਆਸਤ 'ਤੇ ਪੈਣਾ ਤਹਿ ਮੰਨਿਆ ਜਾ ਰਿਹਾ ਹੈ।