ਸਤਿਕਾਰ ਕਮੇਟੀ ਨੇ ਗੁੱਜਰ ਦੀ ਕੈਦ ਚੋਂ ਛੁਡਵਾਏ ਦੋ ਮੰਦਬੁੱਧੀ ਬੱਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਡੇਰਾ ਮਾਲਕ 'ਤੇ ਮਾਮਲਾ ਕੀਤਾ ਦਰਜ 

Photo

ਹੁਸ਼ਿਆਰਪੁਰ: ਮੁਕੇਰੀਆਂ ‘ਚ ਥਾਣਾ ਹਾਜੀਪੁਰ ਦੇ ਅਧੀਨ ਆਉਂਦੇ ਪਿੰਡ ਫਤਿਹਪੁਰ ਕੁੱਲੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਮੈਂਬਰਾਂ ਨੇ ਇਕ ਗੁੱਜਰ ਦੇ ਡੇਰੇ ਚੋਂ ਬੰਦੀ ਬਣਾਏ ਗਏ ਦੋ ਮਜ਼ਦੂਰਾਂ ਨੂੰ ਤਰਸਯੋਗ ਹਾਲਤ ਵਿਚੋਂ ਅਜ਼ਾਦ ਕਰਵਾਇਆ ਹੈ। ਦੱਸ ਦਈਏ ਕਿ ਇਹ ਮਜ਼ਦੂਰ ਮੰਦ ਬੁੱਧੀ ਦੱਸੇ ਜਾ ਰਹੇ ਹਨ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਫਤਿਹਪੁਰ ਕੁੱਲੀਆਂ ਵਿਚ ਲਿਆਕਤ ਅਲੀ ਨਾਂਅ ਦੇ ਗੁੱਜਰ ਨੇ ਦੋ ਮੰਦਬੁੱਧੀ ਮਜ਼ਦੂਰ ਰੱਖੇ ਹੋਏ ਹਨ। ਇਹਨਾਂ ਮੰਦਬੁੱਧੀ ਮਜ਼ਦੂਰਾਂ ਨਾਲ ਉਨ੍ਹਾਂ ਵੱਲੋਂ ਮਾੜਾ ਸਲੂਕ ਕੀਤਾ ਜਾਂਦਾ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਕਮੇਟੀ ਮੈਂਬਰਾਂ ਵੱਲੋਂ ਬੰਦੀ ਬਣਾਏ ਗਏ ਦੋਨੋਂ ਮਜ਼ਦੂਰਾਂ ਨੂੰ ਗੁੱਜਰ ਦੀ ਕੈਦ ਚੋਂ ਛੁਡਵਾਇਆ ਗਿਆ ਹੈ।

ਥਾਣਾ ਹਾਜੀਪੁਰ ਦੀ ਪੁਲਸ ਨੇ ਗੁੱਜਰ ਲਿਆਕਤ ਅਲੀ ਦੇ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹੁਣ ਇਹ ਗਰੀਬ ਮਜ਼ਦੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਮੈਂਬਰਾਂ ਦੇ ਕੋਲ ਸੁਰੱਖਿਅਤ ਹਨ। ਇੱਥੇ ਉਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ਧਿਆਨ ਦੇਣ ਯੋਗ ਹੈ ਕਿ ਹੋਰ ਕਿੰਨੇ ਕੁ ਅਜਿਹੇ ਮਜ਼ਦੂਰ ਹੋਣਗੇ ਜੋ ਇਸ ਕਦਰ ਕਿਸੇ ਦੀ ਕੈਦ ਵਿਚ ਹੋਣਗੇ, ਜਿਨ੍ਹਾਂ ਬਾਰੇ ਜਾਣਕਾਰੀ ਹਾਲੇ ਤੱਕ ਪੁਲਿਸ ਕੋਲ ਵੀ ਨਹੀਂ ਹੈ। ਲੋੜ ਹੈ ਪੁਲਿਸ ਪ੍ਰਸ਼ਾਸ਼ਨ ਵਲੋਂ ਅਜਿਹੇ ਮਾਮਲਿਆਂ ਵੱਲ ਧਿਆਨ ਦੇਣ ਦੀ ਤਾਂ ਜੋ ਅਜਿਹੇ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਬਚਾਇਆ ਜਾ ਸਕੇ।