ਦਿੱਲੀ 'ਚ 'ਘਰ ਦੇ ਭੇਤੀ' ਨੇ ਹੀ ਢਾਹਿਆ ਅਕਾਲੀਆਂ ਦਾ 'ਕਿੱਲਾ', ਰਾਮੂਵਾਲੀਆ ਦੇ ਨਾਂ ਦੇ ਚਰਚੇ!

ਏਜੰਸੀ

ਖ਼ਬਰਾਂ, ਪੰਜਾਬ

ਪਾਰਟੀ ਪ੍ਰਧਾਨ ਦੇ ਸੀਨੀਅਰ ਆਗੂਆਂ ਨਾਲ ਵਤੀਰੇ ਤੋਂ ਸਨ ਖਫ਼ਾ

file photo

ਚੰਡੀਗੜ੍ਹ : ਦਿੱਲੀ ਵਿਚ ਲੱਗੇ ਸਿਆਸੀ ਝਟਕੇ ਕਾਰਨ ਅਕਾਲੀ ਦਲ ਸਦਮੇ 'ਚ ਹੈ। ਅਪਣੇ ਗਮ ਨੂੰ ਛੁਪਾਉਣ ਤੇ ਇੱਜ਼ਤ ਬਚਾਉਣ ਖਾਤਰ ਭਾਵੇਂ ਅਕਾਲੀ ਦਲ ਵਲੋਂ ਇਸ ਝਟਕੇ ਨੂੰ ਨਾਗਰਿਕਤਾ ਸੋਧ ਕਾਨੂੰਨ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੰਦਰ ਦੀਆਂ ਕਨਸੋਆਂ ਮੁਤਾਬਕ ਅਕਾਲੀਆਂ ਦੇ ਦਿੱਲੀ ਵਿਚਲੇ 'ਕਿਲੇ' ਨੂੰ ਢਾਹੁਣ 'ਚ ਘਰ ਦੇ ਪੁਰਾਣੇ ਭੇਤੀ ਦਾ ਹੀ ਹੱਥ ਹੈ।

ਅੰਦਰਲੀਆਂ ਕਨਸੋਆਂ ਮੁਤਾਬਕ ਇਸ ਵਾਰ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਕੜਾ ਝਟਕਾ ਦੇਣ ਦੇ ਤਾਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਬਲਵੰਤ ਸਿੰਘ ਰਾਮੂਵਾਲੀਆ ਨਾਲ ਜੁੜ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਉਹ ਸਾਬਕਾ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਹੀ ਸਨ ਜਿਨ੍ਹਾਂ ਨੇ ਭਾਜਪਾ ਹਾਈ ਕਮਾਂਡ ਨੂੰ ਅਕਾਲੀ ਦਲ ਨਾਲ ਗਠਜੋੜ ਦੇ ਨਫੇ-ਨੁਕਸਾਨਾਂ ਦੀਆਂ ਬਾਰੀਕੀਆਂ ਸਮਝਾ ਕੇ ਅਕਾਲੀਆਂ ਨੂੰ ਖੂੰਝੇ ਲਾਉਣ ਲਈ ਪ੍ਰੇਰਿਤ ਕੀਤਾ। ਕਨਸੋਆਂ ਮੁਤਾਬਕ ਇਨ੍ਹਾਂ ਤੱਥਾਂ ਦਾ ਇਕਸਾਫ਼ ਖੁਦ ਰਾਮੂਵਾਲੀਆ ਵੀ ਕਰ ਚੁੱਕੇ ਹਨ।  

ਮੀਡੀਆ ਰਿਪੋਰਟਾਂ ਮੁਤਾਬਕ ਰਾਮੂਵਾਲੀਆ 2013 'ਚ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਹੋਈ ਬੇਇੱਜ਼ਤੀ ਨੂੰ ਭੁਲਾ ਨਹੀਂ ਸੀ ਸਕੇ। ਇਸੇ ਖੁੰਦਕ ਕਾਰਨ ਉਹ ਪਿਛਲੇ ਕੁੱਝ ਸਮੇਂ ਤੋਂ ਦਿੱਲੀ ਦੇ ਵਿਰੋਧੀ ਅਕਾਲੀ ਆਗੂਆਂ 'ਚ ਸਰਗਰਮ ਸਨ।

ਸੂਤਰਾਂ ਮੁਤਾਬਕ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਸੀਨਅਰ ਆਗੂਆਂ ਨਾਲ ਕੀਤੇ ਜਾਂਦੇ ਵਰਤਾਓ ਤੋਂ ਖਫ਼ਾ ਸਨ। ਖ਼ਾਸ ਕਰ ਕੇ ਪਾਰਟੀ ਪ੍ਰਧਾਨ ਵਲੋਂ ਅਪਣੀ ਦਿੱਲੀ ਸਥਿਤ ਰਿਹਾਇਸ਼ ਵਿਚਲੇ ਦਫ਼ਤਰ 'ਚ ਅਪਣੇ ਤੋਂ ਸੀਨੀਅਰ ਆਗੂਆਂ ਨੂੰ ਕਤਾਰ 'ਚ ਖੜ੍ਹਾ ਕਰਨ ਤੋਂ ਉਹ ਦੁਖੀ ਸਨ।

ਸੂਤਰਾਂ ਮੁਤਾਬਕ ਸ. ਬਲਵੰਤ ਸਿੰਘ ਰਾਮੂਵਾਲੀਆ ਆਰਐਸਐਸ ਆਗੂਆਂ ਤਕ ਇਹ ਤੱਥ ਪਹੁੰਚਾਉਣ 'ਚ ਸਫ਼ਲ ਰਹੇ ਕਿ ਜੇਕਰ ਅਕਾਲੀਆਂ ਨੂੰ ਦਿਤੀਆਂ ਗਈਆਂ ਚਾਰ ਸੀਟਾਂ 'ਤੇ ਅਕਾਲੀ ਦਲ ਦੀ ਕਾਰਗੁਜ਼ਾਰੀ ਕਮਜ਼ੋਰ ਰਹੀ ਤਾਂ ਇਸ ਦਾ ਪ੍ਰਭਾਵ 10 ਤੋਂ 12 ਹੋਰਨਾਂ ਹਲਕਿਆਂ 'ਤੇ ਪੈਣ ਦੇ ਵੀ ਅਸਾਰ ਹਨ।