ਜੇਕਰ ਸਰਕਾਰ ਗੰਭੀਰ ਨਾ ਹੋਈ ਤਾਂ ਅਗਲੇ 20 ਸਾਲਾਂ 'ਚ ਪੰਜਾਬ ਬਣ ਜਾਵੇਗਾ ਰੇਗਿਸਤਾਨ : ਸੰਧਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਵਿਚ ਬੋਲਦਿਆਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਪਾਣੀ...

Kultar Singh Sandhwan

ਚੰਡੀਗੜ੍ਹ : ਵਿਧਾਨ ਸਭਾ ਵਿਚ ਬੋਲਦਿਆਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਪਾਣੀ ਦੇ ਘਟਦੇ ਪੱਧਰ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖ਼ੁਦ ਮੰਨਿਆ ਹੈ ਕਿ ਪੰਜਾਬ ਰੇਗਿਸਤਾਨ ਬਣਨ ਵੱਲ ਵੱਧ ਰਿਹਾ ਹੈ। ਸੰਧਵਾਂ ਨੇ ਕਿਹਾ ਕਿ ਪਿਛਲੇ ਸਾਲ ਦੇ ਬਜਟ ਵਿਚ ਵੀ ਸਰਕਾਰ ਨੇ ਪਾਣੀ ਦੇ ਪੱਧਰ ਦੇ ਘਟਣ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ਵਿਚੋਂ ਕੱਢਣ ਦਾ ਵਾਅਦਾ ਕੀਤਾ ਸੀ ਪਰੰਤੂ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ ਸਰਕਾਰ ਦਾ 7000 ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਕੇ ਸੂਬੇ ਵਿਚ 10000 ਏਕੜ ਵਿਚ ਬਦਲਵੀਂਆਂ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਦਾ ਐਲਾਨ ਵੀ ਝੂਠ ਸਾਬਤ ਹੋਇਆ ਹੈ, ਸੰਧਵਾਂ ਨੇ ਕਿਹਾ ਕਿ ਸਰਕਾਰ ਨੇ ਹੋਰ ਕਿਸਾਨਾਂ ਨੂੰ ਬਦਲਵੀਂਆਂ ਫ਼ਸਲਾਂ ਬੀਜਣ ਲਈ ਉਤਸ਼ਾਹਿਤ ਤਾਂ ਕੀ ਕਰਨਾ ਸੀ ਸਗੋਂ ਪਹਿਲਾਂ ਤੋਂ ਹੀ ਆਲੂ, ਮੱਕੀ, ਕਿੰਨੂ ਅਤੇ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਦੀ ਵੀ ਸਾਰ ਨਹੀਂ ਲਈ ਹੈ।

ਉਨ੍ਹਾਂ ਕਿਹਾ ਕਿ ਨੈਸ਼ਨਲ ਗਰਾਊਂਡ ਵਾਟਰ ਬੋਰਡ ਦੀ ਚੇਤਾਵਨੀ ਤੋਂ ਬਾਅਦ ਵੀ ਸਰਕਾਰ ਨੇ ਇਸ ਕਾਰਜ ਲਈ ਸਿਰਫ਼ 60 ਕਰੋੜ ਦੀ ਰਾਸ਼ੀ ਰੱਖੀ ਹੈ। ਸੰਧਵਾਂ ਨੇ ਮੰਗ ਕੀਤੀ ਕਿ ਸਰਕਾਰ ਸੂਬੇ ਦੀਆਂ ਯੂਨੀਵਰਸਿਟੀਆਂ ਵਿਚ ਪਾਣੀ ਦੀ ਸੰਭਾਲ ਅਤੇ ਰੀਚਾਰਜ ਲਈ ਸੋਧਾਂ ਕਰਵਾਏ ਤਾਂ ਜੋ ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਸੂਬੇ ਦੇ ਪਾਣੀ ਸੰਕਟ ਨੂੰ ਦੂਰ ਕੀਤਾ ਜਾ ਸਕੇ।