ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ 'ਤੇ ਹੋ ਰਹੀ ਸੌੜੀ ਸਿਆਸਤ ਬੰਦ ਹੋਵੇ : ਸੰਧਵਾਂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਦੀ...
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਦੀ ਪ੍ਰਕਿਰਿਆ ਨੂੰ ਵੱਧ ਤੋਂ ਵੱਧ ਸਰਲ ਅਤੇ ਸੌਖੀ ਰੱਖਣ ਦੀ ਵਕਾਲਤ ਕਰਦਿਆਂ ਰਵਾਇਤੀ ਪਾਰਟੀਆਂ ਨੂੰ ਨਸੀਹਤ ਦਿਤੀ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇਸ ਪਵਿੱਤਰ ਰਾਜ ਉਤੇ ਹੋਛੀ ਰਾਜਨੀਤੀ ਨਾ ਕਰਨ। ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ
ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਪੰਜਾਬ, ਪੰਜਾਬੀਅਤ ਅਤੇ ਪੰਥ ਨਾਲ ਸਬੰਧਿਤ ਅਜਿਹੇ ਮੁੱਦਿਆਂ 'ਤੇ ਹਮੇਸ਼ਾ ਸਿਆਸੀ ਰੋਟੀਆਂ ਸੇਕੀਆਂ ਹਨ। ਨਤੀਜੇ ਵਜੋਂ ਮੁੱਦਾ ਲਟਕ ਜਾਂਦਾ ਹੈ ਅਤੇ ਸਬੰਧਿਤ ਲੋਕਾਂ ਦੀ ਆਸਥਾ ਅਤੇ ਸਨਮਾਨ ਨੂੰ ਸੱਟ ਲਗਦੀ ਹੈ। ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਗਾਇਆ ਕਿ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਲਗਾਤਾਰ ਘਟੀਆ ਸਿਆਸਤ ਕੀਤੀ ਜਾ ਰਹੀ ਹੈ।
ਇਸ ਮਾਮਲੇ 'ਚ ਕਦੇ ਬਾਦਲ ਅਤੇ ਕੈਪਟਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਪੈ ਜਾਂਦੇ ਹਨ, ਕਦੇ ਅਕਾਲੀ ਅਤੇ ਕਾਂਗਰਸੀ ਨੀਂਹ ਪੱਥਰ 'ਤੇ ਅਪਣੇ ਨਾਂ ਛਪਵਾਉਣ ਨੂੰ ਲੈ ਕੇ ਉਲਝਦੇ ਹਨ, ਕਦੇ ਕੋਰੀਡੋਰ ਦਾ ਵਿਰੋਧ ਕਰਨ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਦਾ ਖ਼ੁਦ ਸਿਹਰਾ ਲੈਣ ਲਈ ਨਵਜੋਤ ਸਿੰਘ ਸਿੱਧੂ ਨਾਲ ਪਾਕਿਸਤਾਨ ਤੱਕ ਦੌੜ ਲਗਾਉਂਦੀ ਹੈ, ਕਦੇ ਕੈਪਟਨ ਇਸ ਲਾਂਘੇ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਦੇ ਹਨ
ਅਤੇ ਕਦੇ ਬਗੈਰ ਪਾਸਪੋਰਟ ਦਰਸ਼ਨਾਂ ਦੀ ਵਕਾਲਤ ਕਰਦੇ ਹਨ ਅਤੇ ਸ਼ੁਰੂ ਤੋਂ ਹੀ ਇਸ ਲਾਂਘੇ ਬਾਰੇ ਦੋਗਲੀ ਨੀਅਤ ਰੱਖਣ ਵਾਲੀ ਭਾਜਪਾ ਦੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਹੁਣ ਇਕ ਗੈਰ ਜ਼ਰੂਰੀ ਬਿਆਨ ਦੇ ਕੇ ਭਾਜਪਾ ਦੀ ਪੰਜਾਬ, ਪੰਜਾਬੀਅਤ ਅਤੇ ਘੱਟ ਗਿਣਤੀਆਂ ਪ੍ਰਤੀ ਅਪਣੀ ਸੌੜੀ ਸੋਚ ਦਾ ਮੁਜ਼ਾਹਰਾ ਕੀਤਾ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸੰਗਤ ਦੀ ਦਹਾਕਿਆਂ ਬੱਧੀ ਅਰਦਾਸ ਅਤੇ ਭਾਰਤ-ਪਾਕਿਸਤਾਨ ਦੀਆਂ ਕੁਝ ਹਸਤੀਆਂ ਦੇ ਸੁਹਿਰਦ ਯਤਨਾਂ ਨੂੰ ਹੁਣ ਜਦ ਬੂਰ ਪੈਣ ਲੱਗਾ ਹੈ
ਤਾਂ ਨਿੱਜੀ ਸਿਆਸੀ ਹਿੱਤਾਂ ਲਈ ਸੌੜੀ ਸਿਆਸਤ ਦੀ ਥਾਂ ਸਿਆਸੀ ਆਗੂਆਂ ਅਤੇ ਪਾਰਟੀਆਂ ਨੂੰ ਦਰਿਆ-ਦਿਲੀ ਅਤੇ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ ਤਾਂ ਕਿ ਸੰਗਤ ਪਰੇਸ਼ਾਨੀ ਅਤੇ ਜਟਿਲ ਪ੍ਰਕਿਰਿਆ ਦੇ ਬਗੈਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ 'ਤੇ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਏ-ਦੀਦਾਰ ਕਰ ਸਕੇ। ਉਨ੍ਹਾਂ ਕਿਹਾ ਕਿ ਬਿਹਤਰ ਹੋਵੇਗਾ ਕਿ ਦਰਸ਼ਨ-ਦੀਦਾਰਾਂ ਨੂੰ ਵੀਜ਼ਾ ਅਤੇ ਪਾਸਪੋਰਟ ਦੀ ਪ੍ਰਕਿਰਿਆ ਤੋਂ ਮੁਕਤ ਰੱਖਿਆ ਜਾਵੇ।