ਪੰਜਾਬ ਪੁਲਿਸ ਮੁਖੀ ਦੇ ਬਿਆਨ 'ਤੇ ਸਿਆਸਤ ਗਰਮਾਈ, ਮਜੀਠੀਆ ਨੇ ਚੁੱਕ ਦਿਤੇ ਵੱਡੇ ਸਵਾਲ!

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੂੰ ਸਥਿਤੀ ਸਪੱਸ਼ਟ ਕਰਨ ਦੀ ਦਿਤੀ ਚਿਤਾਵਨੀ

file photo

ਚੰਡੀਗੜ੍ਹ : ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਵਲੋਂ ਕਰਤਾਰਪੁਰ ਸਾਹਿਬ ਦੇ ਲਾਘੇ ਸਬੰਧੀ ਕੀਤੀ ਗਈ ਵਿਵਾਦਤ ਟਿੱਪਣੀ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ ਅੰਦਰ ਭੂਚਾਲ ਆ ਗਿਆ ਹੈ। ਇਸ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਵਲੋਂ ਸਿਆਸੀ ਤੀਰਾਂ ਦੀ ਬੁਛਾੜ ਦੀ ਤਿਆਰੀ ਖਿੱਚ ਲਈ ਗਈ ਹੈ। ਸੁਖਪਾਲ ਖਹਿਰਾ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਵਰਗੇ ਦਿਗਜ਼ ਆਗੂਆਂ ਨੇ ਪੁਲਿਸ ਮੁਖੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਬਿਆਨ ਜਾਰੀ ਕੀਤੇ ਹਨ। ਆਉਂਦੇ ਦਿਨਾਂ ਦੌਰਾਨ ਹੋਰ ਵੱਡੇ ਆਗੂਆਂ ਵਲੋਂ ਵੀ ਇਸ ਮੁੱਦੇ 'ਤੇ ਸ਼ੁਰੂ ਹੋਈ 'ਸਿਆਸੀ ਜੰਗ' ਵਿਚ ਅਪਣੇ ਹੱਥ ਅਜਮਾਉਣ ਦੇ ਅਸਾਰ ਹਨ।

ਅਸਲ ਵਿਚ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਇਕ ਅੰਗਰੇਜ਼ੀ ਅਖ਼ਬਾਰ ਦੇ ਸਮਾਗਮ 'ਚ ਸ਼ਿਰਕਤ ਕਰਦਿਆਂ ਕਿਹਾ ਸੀ ਕਿ ਕਰਤਾਰਪੁਰ ਲਾਘੇ ਕਾਰਨ ਇਕ ਸੰਭਾਵਨਾਵਾਂ ਪੈਦਾ ਹੋ ਗਈ ਹੈ ਕਿ ਉਥੇ ਜਾਣ ਵਾਲਾ ਵਿਅਕਤੀ ਸ਼ਾਮ ਨੂੰ ਸਿਖਲਾਈ ਦੇ ਕੇ ਅਤਿਵਾਦੀ ਬਣ ਕੇ ਵਾਪਸ ਆ ਸਕਦਾ ਹੈ। ਤੁਸੀਂ ਉਥੇ 6 ਘੰਟੇ ਲਈ ਜਾਂਦੇ ਹੋ। ਤੁਹਾਨੂੰ ਫਾਇਰਿੰਗ ਰੇਂਜ ਲੈ ਜਾ ਕੇ ਆਈਈਡੀ ਬਣਾਉਣਾ ਸਿਖਾਇਆ ਜਾ ਸਕਦਾ ਹੈ।''

ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੁਲਿਸ ਮੁਖੀ ਦੇ ਬਿਆਨ ਦੀ ਨਿਖੇਧੀ ਕਰਦਿਆਂ ਸਵਾਲ ਉਠਾਇਆ ਕਿ ਹੁਣ ਤਕ ਵੱਡੀ ਗਿਣਤੀ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ, ਉਨ੍ਹਾਂ ਵਿਚੋਂ ਕਿੰਨੇ ਅਤਿਵਾਦੀ ਬਣੇ? ਇਹ ਸਵਾਲ ਜਵਾਬ ਮੰਗਦਾ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਕਿਸ ਅਧਾਰ 'ਤੇ ਅਜਿਹੇ ਬਿਆਨ ਦੇ ਰਹੇ ਹਨ। ਜੇਕਰ ਉਨ੍ਹਾਂ ਕੋਲ ਕੋਈ ਇਸ ਸਬੰਧੀ ਲਿਸਟ ਜਾਂ ਕੋਈ ਹੋਰ ਸਬੂਤ ਹੈ ਤਾਂ ਉਨ੍ਹਾਂ ਨੂੰ ਉਹ ਜਨਤਕ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਇਸ ਬਿਆਨ ਨੂੰ ਗਾਂਧੀ ਪਰਵਾਰ ਦੀ ਮਾਨਸਿਕਤਾ ਦੀ ਉਪਜ ਕਰਾਰ ਦਿੰਦਿਆਂ ਕਿਹਾ ਕਿ ਹੁਣ ਤਕ 52098 ਸ਼ਰਧਾਲੂ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਪਿਛੇ ਕਾਂਗਰਸ ਦੀ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਵਿਖੇ ਜਾਣ ਤੋਂ ਰੋਕਣ ਦੀ ਮਨਸ਼ਾ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਸਿੱਖ ਕੌਮ ਨੂੰ ਇੰਨਾ ਕਮਜ਼ੋਰ ਕਿਉਂ ਸਮਝਦੀ ਹੈ ਕਿ ਉਹ ਇੱਥੇ ਜਾ ਕੇ ਗ਼ਲਤ ਰਾਹ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸੋਚ ਇੰਦਰਾ ਗਾਂਧੀ ਦੀ ਸੀ, ਜਿਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਸੋਨੀਆਂ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਸਥਿਤੀ ਸਾਫ਼ ਕਰਨ ਦੀ ਮੰਗ ਕਰਦਿਆਂ ਅਜਿਹਾ ਨਾ ਹੋਣ ਦੀ ਸੂਰਤ ਵਿਚ 24 ਫ਼ਰਵਰੀ ਤੋਂ ਵਿਧਾਨ ਸਭਾ ਇੰਜਲਾਸ ਨਾ ਚੱਲਣ ਦੇਣ ਦੀ ਚਿਤਾਵਨੀ ਵੀ ਦਿਤੀ ਹੈ।