ਸੁਖਬੀਰ ਦੀ ਚੁਣੌਤੀ ਤੋਂ ਬਾਅਦ ਭਗਵੰਤ ਮਾਨ ਨੇ ਦਿਤਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਕਾਸ਼ ਸਿੰਘ ਬਾਦਲ ਨੂੰ ਜੇਲ੍ਹ ’ਚ ਕੱਪੜੇ ਨਹੀਂ ਲਿਜਾਣੇ ਪੈਣੇ, ਬਲਕਿ ਉਨ੍ਹਾਂ ਨੂੰ ਜੇਲ੍ਹ ਵਿਚ ਵਰਦੀ ਮਿਲੇਗੀ

Bhagwant Mann

ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਪਹਿਲਾਂ ਸੰਗਰੂਰ ਤੋਂ ਚੋਣ ਲੜਨ ਲਈ ਚੁਣੌਤੀ ਦਿਤੀ ਸੀ ਜਿਹੜੀ ਉਨ੍ਹਾਂ ਸਵੀਕਾਰ ਕਰ ਲਈ ਹੈ। ਦੱਸ ਦੇਈਏ ਕਿ ਅੱਜ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਭਗਵੰਤ ਮਾਨ ਨੂੰ ਚੁਣੌਤੀ ਦਿਤੀ ਹੈ ਕਿ ਉਹ ਵੀ ਹਰਸਿਮਰਤ ਬਾਦਲ ਵਿਰੁਧ ਆ ਕੇ ਚੋਣ ਲੜ ਲੈਣ। ਸੁਖਬੀਰ ਨੇ ਅਜਿਹਾ ਭਗਵੰਤ ਮਾਨ ਵਲੋਂ ਸੁਖਪਾਲ ਖਹਿਰਾ ਦੇ ਬਠਿੰਡਾ ਤੋਂ ਚੋਣ ਲੜਨ ਵਿਰੁਧ ਦਿਤੇ ਬਿਆਨ ਬਾਰੇ ਕਿਹਾ ਹੈ।

ਭਗਵੰਤ ਮਾਨ ਨੇ ਬੇਅਦਬੀ ਮਾਮਲੇ ਸਬੰਧੀ ਬੋਲਦਿਆਂ ਕਿਹਾ ਕਿ ਐਸਆਈਟੀ ਵਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ, ਉਹ ਸਿੱਧੀ ਬਾਦਲਾਂ ਦੇ ਘਰ ਜਾ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜੇਲ੍ਹ ਜਾਣ ਦਾ ਡਰਾਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜੇਲ੍ਹ ’ਚ ਕੱਪੜੇ ਨਹੀਂ ਲਿਜਾਣੇ ਪੈਣੇ, ਬਲਕਿ ਉਨ੍ਹਾਂ ਨੂੰ ਜੇਲ੍ਹ ਵਿਚ ਵਰਦੀ ਮਿਲੇਗੀ।

ਦਰਅਸਲ, ਭਗਵੰਤ ਮਾਨ ਨੇ ਬੀਤੇ ਦਿਨ ਕਿਹਾ ਸੀ ਕਿ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਹਰਸਿਮਰਤ ਬਾਦਲ ਨੂੰ ਜਿਤਾਉਣ ਲਈ ਬਠਿੰਡਾ ਜਾ ਰਹੇ ਹਨ। ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਕ ਪਾਸੇ ਤੇ ਅਕਾਲੀ-ਭਾਜਪਾ ਦੂਜੇ ਪਾਸੇ ਹਨ। ਉਨ੍ਹਾਂ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਕਹਿੰਦਾ ਹਾਂ ਕਿ ਉਹ ਵੀ ਉੱਥੇ ਹੀ ਆ ਜਾਣ ਸਾਰਾ ਮੇਲਾ ਇਕੱਠਾ ਹੋ ਜਾਵੇਗਾ, ਕਿਉਂਕਿ ਇਹ ਸਾਰੇ ਅਕਾਲੀ ਦਲ ਨੂੰ ਹਰਾਉਣਾ ਚਾਹੁੰਦੇ ਸਨ।

ਦੱਸ ਦਈਏ ਕਿ ਭਗਵੰਤ ਮਾਨ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੁਖਬੀਰ ਬਾਦਲ ਵਿਰੁਧ ਜਲਾਲਾਬਾਦ ਤੋਂ ਚੋਣ ਲੜੀ ਸੀ, ਪਰ ਹਾਰ ਗਏ ਸਨ। ਉਧਰ, ਹਰਸਿਮਰਤ ਕੌਰ ਬਾਦਲ ਦਾ ਚੋਣ ਹਲਕਾ ਕੀ ਹੋਵੇਗਾ, ਇਸ ਬਾਰੇ ਸ਼ਸ਼ੋਪੰਜ ਬਰਕਰਾਰ ਹੈ। ਬਠਿੰਡਾ ਤੋਂ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਬਾਦਲ ਦਾ ਹਲਕਾ ਬਦਲਣ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਹਰਸਿਮਰਤ ਫ਼ਿਰੋਜ਼ਪੁਰ ਤੋਂ ਚੋਣ ਲੜ ਸਕਦੇ ਹਨ।

ਪਰ ਸੁਖਪਾਲ ਖਹਿਰਾ ਨੇ ਪਹਿਲਾਂ ਹੀ ਖ਼ੁਦ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨ ਦਿਤਾ ਹੈ। ਅਜਿਹੇ 'ਚ ਭਗਵੰਤ ਮਾਨ ਨੂੰ ਸੁਖਬੀਰ ਦੀ ਵੰਗਾਰ ਦੇ ਦਿਤੀ ਹੈ ਕਿ ਉਹ ਵੀ ਹਰਸਿਮਰਤ ਵਿਰੁਧ ਚੋਣ ਲੜ ਲੈਣ।