ਕਾਮਰੇਡ ਬਲਵੰਤ ਸਿੰਘ ਦਾ ਦੇਹਾਂਤ, 24 ਮਾਰਚ ਨੂੰ ਅੰਤਿਮ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਪੁਰਾ ਦੇ ਸਟਾਲਿਨ ਵਜੋਂ ਜਾਣੇ ਜਾਂਦੇ ਸਨ ਪ੍ਰੋ. ਬਲਵੰਤ ਸਿੰਘ

Comrade Balwant Singh dies, funeral on March 24

ਚੰਡੀਗੜ੍ਹ- ਪੰਜਾਬ ਦੇ ਉਘੇ ਸਿਆਸਤਦਾਨਾਂ ਵਿਚੋਂ ਇੱਕ ਕਾਮਰੇਡ ਪ੍ਰੋ ਬਲਵੰਤ ਸਿੰਘ ਇਸ ਦੁਨੀਆ ਨੂੰ 82 ਵਰਿਆਂ ਦੀ ਉਮਰ ਵਿਚ ਅਲਵਿਦਾ ਕਹਿ ਗਏ ਹਨ। ਪ੍ਰੋ ਬਲਵੰਤ ਦਾ ਦੇਹਾਂਤ ਚੰਡੀਗੜ੍ਹ ਵਿਖੇ ਉਨ੍ਹਾਂ ਦੇ ਘਰ ਵਿਚ ਹੀ ਹੋਇਆ। ਪਟਿਆਲਾ ਜਿਲ੍ਹੇ ਦੇ ਪਿੰਡ ਹਾਸ਼ਮਪੁਰ ਵਿਚ ਜਨਮੇ ਪ੍ਰੋ ਬਲਵੰਤ ਸਿੰਘ ਸ਼ੁਰੂ ਤੋਂ ਹੀ ਲੋਕਾਂ ਦੇ ਦੁੱਖ-ਸੁੱਖ ਵਿਚ ਨਾਲ ਖੜਨ ਵਾਲੇ ਅਤੇ ਜਮਹੂਰੀ ਹੱਕਾਂ ਲਈ ਲੜਨ ਵਾਲੇ ਸੁਭਾਅ ਦੇ ਸਨ।

ਟ੍ਰੇਡ ਯੂਨੀਅਨ ਦੇ ਆਗੂ ਹੁੰਦਿਆਂ ਉਨ੍ਹਾਂ ਨੇ ਮੁਲਕ ਦੇ ਕਈ ਵੱਡੇ ਘਰਾਣਿਆਂ ਅਤੇ ਉਦਯੋਗਪਤੀਆਂ ਨਾਲ ਲੋਹਾ ਲਿਆ। ਪ੍ਰੋ ਬਲਵੰਤ ਸਿੰਘ ਦੀ ਇਸੇ ਦਲੇਰੀ ਕਾਰਨ ਉਨ੍ਹਾਂ ਨੂੰ ਰਾਜਪੁਰਾ ਦਾ ਸਟਾਲਿਨ ਵੀ ਕਿਹਾ ਜਾਂਦਾ ਸੀ। ਬੇਸ਼ੱਕ ਉਹ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਕਾਫੀ ਕਰੀਬੀ ਸਨ, ਪਰ ਇਸ ਨੇੜਤਾ ਦਾ ਉਨ੍ਹਾਂ ਨੇ ਕਦੇ ਫਾਇਦਾ ਨਹੀਂ ਚੁੱਕਿਆ, ਸਗੋਂ ਆਪਣੇ ਬਲਬੂਤੇ ਨਾਲ ਪਾਰਟੀ ਵਿਚ ਵਿਸ਼ੇਸ਼ ਯੋਗਦਾਨ ਪਾਉਂਦੇ ਰਹੇ।

ਸਾਲ 1980 ਵਿਚ ਉਨ੍ਹਾਂ ਨੇ ਰਾਜਪੁਰਾ ਤੋਂ ਕਾਂਗਰਸੀ ਦੇ ਬ੍ਰਿਜ ਲਾਲ ਨੂੰ ਮਾਤ ਦਿੱਤੀ ਅਤੇ ਵਿਧਾਇਕ ਬਣੇ। ਇਸ ਤੋਂ ਬਾਅਦ ਸਾਲ 1998 ਵਿਚ ਪ੍ਰੋ ਬਲਵੰਤ ਸਿੰਘ ਨੂੰ ਪਾਰਟੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਪਰ ਸਾਲ 2008 ਵਿਚ ਮਤਭੇਦਾਂ ਕਾਰਨ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ। ਇੱਕ ਚੰਗਾ ਸਿਆਸਤਦਾਨ ਹੋਣ ਦੇ ਨਾਲ-ਨਾਲ ਪ੍ਰੋ ਬਲਵੰਤ ਸਿੰਘ ਇੱਕ ਚੰਗੇ ਲਿਖਾਰੀ ਵੀ ਸਨ।

ਪ੍ਰੋ ਬਲਵੰਤ ਸਿੰਘ ਦੇ ਦੇਹਾਂਤ ਉਤੇ ਸਿਆਸਤ ਜਗਤ ਵਿਚ ਸੋਗ ਦੀ ਲਹਿਰ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਪ੍ਰੋ. ਬਲਵੰਤ ਸਿੰਘ ਨੂੰ ਜਨਤਕ ਨੇਤਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਜੀਵਨ ਭਰ ਸਮਾਜ ਦੇ ਦੱਬੇ-ਕੁਚਲੇ ਵਰਗਾਂ ਖਾਸ ਕਰਕੇ ਸਨਅਤੀ ਕਾਮਿਆਂ ਦੇ ਹਿੱਤਾਂ ਦੀ ਰਾਖੀ ਲਈ ਅਣਥੱਕ ਕਾਰਜ ਕੀਤੇ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ ਨੂੰ 12 ਵਜੇ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।