ਬੋਰ ’ਚ ਡਿੱਗੇ ਬੱਚੇ ਨੂੰ ਬਚਾਉਣ ਦਾ ਕੰਮ ਜਾਰੀ
18 ਮਹੀਨੇ ਦਾ ਬੱਚਾ ਨਦੀਮ ਉਸ ਸਮੇਂ 60 ਫੁੱਟ ਡੂੰਘੇ ਬੋਰ ਵਿਚ ਡਿੱਗ ਗਿਆ ਸੀ, ਜਦੋਂ ਉਹ ਖੇਡ ਰਿਹਾ ਸੀ
ਹਿਸਾਰ- ਹਰਿਆਣਾ ’ਚ ਹਿਸਾਰ ਦੇ ਪਿੰਡ ਬਾਲਸਮੰਦ ਵਿਚ ਪਿਛਲੇ 39 ਘੰਟੇ ਤੋਂ 60 ਫੁੱਟ ਡੂੰਘੇ ਬੋਰ ਵਿਚ ਡਿੱਗੇ ਬੱਚੇ ਨੂੰ ਬਚਾਉਣ ਲਈ ਵੱਡੇ ਪੱਧਰ ਉਤੇ ਯਤਨ ਕੀਤੇ ਜਾ ਰਹੇ ਹਨ। ਬੱਚੇ ਨੂੰ ਬਚਾਉਣ ਲਈ ਫੌਜ ਅਤੇ ਐਨਡੀਆਰਐਫ ਵੱਲੋਂ ਸਾਂਝੇ ਤੌਰ ਉਤੇ ਬਚਾਓ ਮੁਹਿੰਮ ਚਲਾਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ 18 ਮਹੀਨੇ ਦਾ ਬੱਚਾ ਨਦੀਮ ਉਸ ਸਮੇਂ 60 ਫੁੱਟ ਡੂੰਘੇ ਬੋਰ ਵਿਚ ਡਿੱਗ ਗਿਆ ਸੀ, ਜਦੋਂ ਉਹ ਖੇਡ ਰਿਹਾ ਸੀ।
ਬੱਚੇ ਦੇ ਬੋਰ ‘’ਚ ਡਿੱਗਣ ਤੋਂ ਬਾਅਦ ਮਾਪਿਆਂ ਵੱਲੋਂ ਪਿੰਡ ਦੇ ਸਰਪੰਚ ਨੂੰ ਜਾਣਕਾਰੀ ਦਿੱਤੀ ਗਈ, ਜਿਸ ਨੇ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਹਿਸਾਰ ਅਸ਼ੋਕ ਕੁਮਾਰ ਮੀਨਾ ਅਤੇ ਐਸ ਪੀ ਸ਼ਿਵ ਚਰਨ ਮੌਕੇ ਉਤੇ ਪਹੁੰਚੇ ਅਤੇ ਬੱਚੇ ਦੇ ਬਚਾਅ ਲਈ ਕੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ। ਡੀਸੀ ਅਸ਼ੋਕ ਕੁਮਾਰ ਨੇ ਕਿਹਾ ਕਿ ਬੱਚੇ ਦੀ ਹਾਲਤ ਠੀਕ ਹੈ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਬੱਚੇ ਨੂੰ ਬੋਰ ਵਿਚ ਆਕਸੀਜਨ ਦਿੱਤੀ ਜਾ ਰਹੀ ਹੈ।
ਇਕ ਸਥਾਨਕ ਵਾਸੀ ਖੁਰਸ਼ੀਦ ਅਹਿਮਦ ਨੇ ਕਿਹਾ ਕਿ ਇਹ ਘਟਨਾ ਕੱਲ੍ਹ ਸ਼ਾਮ 5.15 ਵਜੇ ਉਸ ਸਮੇਂ ਵਾਪਰੀ ਜਦੋਂ ਬੱਚਾ ਖੇਡਦਾ–ਖੇਡਦਾ ਅਚਾਨਕ ਬੋਰ ਵਿਚ ਜਾ ਡਿੱਗਿਆ। ਸੂਤਰਾਂ ਦਾ ਕਹਿਣਾ ਹੈ ਕਿ ਐਨਡੀਆਰਐਫ ਟੀਮ ਅਤੇ ਭਾਰਤੀ ਫੌਜ ਵੱਲੋਂ ਬੋਰ ਤੋਂ 17 ਫੁੱਟ ਦੂਰੀ ਉਤੇ ਇਕ ਹੋਰ ਬੋਰ ਕੀਤਾ ਜਾ ਰਿਹਾ ਹੈ ਤਾਂ ਜੋ ਬੱਚੇ ਤੱਕ ਪਹੁੰਚਿਆ ਜਾਵੇ। ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਨੇ ਕਿਹਾ ਕਿ ਬੱਚੇ ਤੱਕ ਪਹੁੰਚਣ ਦੇ ਨੇੜੇ ਹਨ। ਉਨ੍ਹਾਂ ਕਿਹਾ ਕਿ ਕੁਝ ਸਮੇਂ ਤੱਕ ਬੱਚਾ ਸੁਰੱਖਿਅਤ ਉਨ੍ਹਾਂ ਦੇ ਹੱਥਾਂ ਵਿਚ ਹੋਵੇਗਾ। ਬੱਚੇ ਦੇ ਬੋਰ ਵਿਚ ਡਿੱਗਣ ਦੀ ਖ਼ਬਰ ਆਸਪਾਸ ਦੇ ਪਿੰਡਾਂ ਵਿਚ ਪਹੁੰਚਦਿਆਂ ਹੀ ਵੱਡੀ ਗਿਣਤੀ ਵਿਚ ਲੋਕ ਉਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।