ਸਾਰੇ ਵਾਅਦੇ ਪੂਰੇ ਜੋਸ਼ ਨਾਲ ਨਿਭਾਵਾਂਗੇ: ਹਰਭਜਨ ਸਿੰਘ ਈ.ਟੀ.ਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਨੇ ਵੱਖ-ਵੱਖ ਆਗੂਆਂ ਦੀ ਮੌਜੂਦਗੀ ਵਿੱਚ ਚਾਰਜ ਸੰਭਾਲਿਆ

Minister of Public Works and Power Harbhajan Singh ETO took charge

 

ਚੰਡੀਗੜ੍ਹ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਅੱਜ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਦੂਰਅੰਦੇਸ਼ ਅਗਵਾਈ ਹੇਠ ਚੋਣ ਪ੍ਰਚਾਰ ਦੌਰਾਨ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰੇਗੀ। ਹਰਭਜਨ ਸਿੰਘ ਨੇ ਅੱਜ ਇੱਥੇ ਸਿਵਲ ਸਕੱਤਰੇਤ ਵਿਖੇ ਆਪਣਾ ਅਹੁਦਾ  ਸੰਭਾਲਦਿਆਂ ਕਿਹਾ ਕਿ ਸੂਬਾ ਸਰਕਾਰ ਸੂਬੇ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰੇਗੀ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਉੱਚਾ ਚੁੱਕਣ ਦਾ ਕੰਮ ਕਰੇਗੀ।

Minister of Public Works and Power Harbhajan Singh ETO took charge

ਉਨ੍ਹਾਂ ਕਿਹਾ ਕਿ ਸਰਕਾਰ ਨਿਵੇਸ਼ ਲਈ ਢੁਕਵਾਂ ਮਾਹੌਲ ਪ੍ਰਦਾਨ ਕਰੇਗੀ ਜਿਸ ਨਾਲ ਸੂਬੇ ਦੇ ਲੋਕਾਂ ਨੂੰ ਰੁਜ਼ਗਾਰ ਦੇ ਭਰਪੂਰ ਮੌਕੇ ਮਿਲਣਗੇ। ਬੁਨਿਆਦੀ ਢਾਂਚੇ ਦੀ ਫੌਰੀ ਦੇਖਭਾਲ ਦੀ ਲੋੜ ਨੂੰ ਸਵੀਕਾਰ ਕਰਦੇ ਹੋਏ, ਕੈਬਨਿਟ ਮੰਤਰੀ ਨੇ ਕਿਹਾ ਕਿ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ ਦੀ ਸਖ਼ਤ ਲੋੜ ਹੈ ਅਤੇ ਉਹ ਪਹਿਲ ਦੇ ਅਧਾਰ `ਤੇ ਇਨ੍ਹਾਂ ਦੀ ਸੰਭਾਲ ਲਈ ਪੂਰੇ ਯਤਨ ਕਰਨਗੇ।

Harbhajan Singh ETO

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸੁਹਿਰਦਤਾ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਰੁਜ਼ਗਾਰ ਮੁਹੱਈਆ ਕਰਵਾਉਣ ਅਤੇ ਪੰਜਾਬ ਸੂਬੇ ਵਿੱਚੋਂ ਨਸਿ਼ਆਂ ਦੇ ਖਾਤਮੇ ਲਈ ਕੰਮ ਕਰੇਗੀ। ਇਸ ਅਹੁਦੇ ਲਈ ਚੁਣੇ ਜਾਣ ਲਈ ਉਨ੍ਹਾਂ ਪਾਰਟੀ ਲੀਡਰਸਿ਼ਪ ਦਾ ਧੰਨਵਾਦ ਕਰਨ ਦੇ ਨਾਲ- ਨਾਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ ਰਾਜ ਦਾ ਸ਼ਾਸਨ ਚਲਾਉਣ ਲਈ ਸਪੱਸ਼ਟ ਫਤਵਾ ਦੇਣ ਲਈ ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ।

New Punjab Cabinet

ਜ਼ਿਕਰਯੋਗ ਹੈ ਕਿ ਜੰਡਿਆਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ. ਹਰਭਜਨ ਸਿੰਘ 2012 ਵਿੱਚ ਆਬਕਾਰੀ ਤੇ ਕਰ ਅਧਿਕਾਰੀ ਬਣੇ ਸਨ ਪਰ ਉਨ੍ਹਾਂ ਨੇ 2017 ਵਿੱਚ ਈਟੀਓ ਦੇ ਅਹੁਦੇ ਤੋਂ ਸਵੈ-ਇੱਛਾ ਨਾਲ ਸੇਵਾਮੁਕਤੀ ਲੈ ਲਈ ਸੀ।ਉਹ ਜੰਡਿਆਲਾ ਹਲਕੇ ਤੋਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ 25000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਵੰਤ ਪੰਡੋਰੀ, ਵਿਧਾਇਕ ਦਿਨੇਸ਼ ਚੱਢਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਵਿਕਾਸ ਪ੍ਰਤਾਪ, ਚੇਅਰਮੈਨ-ਕਮ ਮੈਨੇਜਿੰਗ ਡਾਇਰੈਕਟਰ (ਪੀਐਸਪੀਸੀਐਲ), ਬਲਦੇਵ ਸਿੰਘ ਸਰਾਂ ਮੌਜੂਦ ਸਨ।