ਪਿੰਡ ਵਾਸੀਆਂ ਨੇ ਖ਼ੁਦ ਹੀ ਬਣਾਇਆ ਅੱਗ ਬੁਝਾਊ ਯੰਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

3000 ਲੀਟਰ ਦੀ ਟੈਂਕੀ ਨਾਲ ਫਿੱਟ ਕੀਤਾ ਇੰਜਣ, 50 ਫੁੱਟ ਪਾਈਪ

The Fire Extinguishers Created By the Villagers Themselves

ਪੰਜਾਬ- ਕਣਕ ਦੀ ਵਾਢੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਖੇਤਾਂ ਵਿਚ ਅੱਗ ਲੱਗਣ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਂਦਾ ਹੈ। ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ, ਕਿਉਂਕਿ ਫ਼ਸਲਾਂ ਪੱਕੀਆਂ ਹੋਣ ਕਰਕੇ ਅੱਗ ਬਹੁਤ ਜਲਦੀ ਫ਼ੈਲਦੀ ਹੈ ਪਰ ਹੁਣ ਮੋਗਾ ਦੇ ਪਿੰਡ ਕੜਿਆਲ ਵਿਚ ਪਿੰਡ ਵਾਸੀਆਂ ਨੇ ਖੇਤਾਂ ਵਿਚ ਲਗਦੀਆਂ ਅੱਗਾਂ ਨਾਲ ਨਿਪਟਣ ਲਈ ਖ਼ੁਦ ਦਾ ਹੀ ਇਕ ਯੰਤਰ ਤਿਆਰ ਕੀਤਾ ਹੈ। ਦਰਅਸਲ ਜਿੰਨੇ ਨੂੰ ਅੱਗ ਬੁਝਾਊ ਗੱਡੀਆਂ ਪਹੁੰਚਦੀਆਂ ਨੇ, ਓਨੇ ਵਿਚ ਭਿਆਨਕ ਅੱਗ ਦੀਆਂ ਲਪਟਾਂ ਕਈ ਏਕੜ ਰਕਬੇ ਨੂੰ ਅਪਣੀ ਲਪੇਟ ਵਿਚ ਲੈ ਲੈਂਦੀਆਂ ਹਨ।

ਪਿੰਡ ਕੜਿਆਲ ਵਾਸੀਆਂ ਵਲੋਂ ਬਣਾਇਆ ਗਿਆ ਇਹ ਯੰਤਰ ਕਾਫ਼ੀ ਕਾਰਗਰ ਹੈ ਅਤੇ ਅੱਗ ਬੁਝਾਊ ਗੱਡੀਆਂ ਦੇ ਪਹੁੰਚਣ ਤਕ ਫੌਰੀ ਤੌਰ 'ਤੇ ਇਸ ਨੂੰ ਵਰਤਿਆ ਜਾ ਸਕਦਾ ਹੈ। ਇਹੀ ਨਹੀਂ ਇਸ ਦੇਸੀ ਜੁਗਾੜ ਦੇ ਪਾਣੀ ਦੀ ਧਾਰ ਵੀ ਫਾਇਰ ਬ੍ਰਿਗੇਡ ਗੱਡੀਆਂ ਵਾਂਗ ਕਾਫ਼ੀ ਤੇਜ਼ ਹੈ। ਇਸ ਯੰਤਰ ਨੂੰ ਬਣਾਉਣ ਲਈ ਸਾਰੇ ਪਿੰਡ ਵਾਸੀਆਂ ਨੇ ਸਹਿਯੋਗ ਪਾਇਆ ਹੈ। ਵਿਦੇਸ਼ ਤੋਂ ਵੀ ਕੁੱਝ ਨੌਜਵਾਨਾਂ ਨੇ ਇਸ ਦੇ ਲਈ ਮਦਦ ਭੇਜੀ ਹੈ। ਪਿੰਡ ਕੜਿਆਲ ਵਾਸੀਆਂ ਨੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਇਸ ਤਰ੍ਹਾਂ ਦਾ ਯੰਤਰ ਤਿਆਰ ਕਰਵਾਉਣ ਤਾਂ ਜੋ ਔਖੇ ਸਮੇਂ ਫ਼ਰੀ ਤੌਰ 'ਤੇ ਇਸ ਦੀ ਵਰਤੋਂ ਕਰਕੇ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕੇ।