ਪੰਜਾਬ ਵਿਚ ਪੋਸਤ ਦੀ ਖੇਤੀ ਕਰਨ ਵਾਲੇ ਕਿਸਾਨਾਂ ਵਿਰੁਧ ਹੀ ਕਾਰਵਾਈ ਕਿਉਂ?  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਖ਼ਸ-ਖ਼ਸ'  ਬੀਜ ਵਿਕਰੇਤਾਵਾਂ ਵਿਰੁਧ ਕਿਉਂ ਨਹੀ ਹੁੰਦੀ ਕਾਰਵਾਈ?

Pic-1

ਫ਼ਿਰੋਜ਼ਪੁਰ : ਪੰਜਾਬ ਅੰਦਰ ਖ਼ਸ-ਖ਼ਸ ਦੀ ਪੈਦਾਵਾਰ ਅਫ਼ੀਮ ਪੋਸਤ ਦੀ ਖੇਤੀ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਹੈ। ਭਾਵੇਂ ਹੀ ਸਾਡੇ ਪੰਜਾਬ ਦੇ ਗੁਆਂਢੀ ਰਾਜ ਰਾਜਸਥਾਨ ਦੇ ਵਿਚ ਖੁੱਲ੍ਹੇਆਮ ਪੋਸਤ ਦੀ ਖੇਤੀ ਹੁੰਦੀ ਹੈ ਅਤੇ ਉਥੋਂ ਹੀ ਪੋਸਤ ਤੋਂ ਅਫ਼ੀਮ ਤਿਆਰ ਕਰ ਕੇ ਪੂਰੇ ਭਾਰਤ ਵਿਚ ਸਪਲਾਈ ਕੀਤੀ ਜਾਂਦੀ ਹੈ ਪਰ ਪੰਜਾਬ ਵਿਚ ਜੇ ਪੋਸਤ ਦੀ ਖੇਤੀ ਕਰਨ 'ਤੇ ਪਾਬੰਦੀ ਹੈ ਤਾਂ ਫਿਰ ਬਾਜ਼ਾਰਾਂ ਵਿਚ  'ਖ਼ਸ-ਖ਼ਸ' ਦੇ ਬੀਜ ਵੇਚ ਰਹੇ ਬੀਜ ਵਿਕਰੇਤਾਵਾਂ ਵਿਰੁਧ ਕਿਉਂ ਨਹੀ ਸਰਕਾਰ ਸਿਕੰਜਾ ਕਸ ਰਹੀ ਅਤੇ ਕੇਵਲ ਇਹ ਕਾਰਵਾਈ ਕਿਸਾਨਾਂ ਵਿਰੁਧ ਹੀ ਕਿਉਂ ਹੋ ਰਹੀ ਹੈ।

ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਪੋਸਤ ਦੀ ਖੇਤੀ ਕਰਨ ਦੀ ਖੁਲ੍ਹ ਹੈ ਤਾਂ ਪੰਜਾਬ ਜਿਥੇ ਕਿ ਖੇਤੀ ਪ੍ਰਧਾਨ ਸੂਬਾ ਹੈ, ਵਿਚ ਅਫ਼ੀਮ ਪੋਸਤ ਦੀ ਖੇਤੀ ਕਰਨ ਦੀ ਖੁਲ੍ਹ ਕਿਉਂ ਨਹੀ ਮਿਲ ਰਹੀ ਅਤੇ ਦੇਸ਼ ਵਿਚ ਸਰਕਾਰਾਂ ਦੋ-ਦੋ ਕਾਨੂੰਨ ਕਿਸ ਤਰ੍ਹਾਂ ਚਲਾ ਰਹੀਆਂ  ਹਨ। ਦੱਸ ਦੇਈਏ ਕਿ ਭਾਵੇਂ ਹੀ ਇਸ ਬਾਰੇ ਕਈ ਵਾਰ ਸਵਾਲ ਕੀਤੇ ਜਾ ਚੁੱਕੇ ਹਨ ਪਰ ਇਨ੍ਹਾਂ ਸਵਾਲਾਂ ਦੇ ਜਵਾਬ ਨਾ ਤਾਂ ਸਰਕਾਰ ਦੇ ਸਕੀ ਹੈ ਅਤੇ ਨਾ ਹੀ ਕੋਈ ਪ੍ਰਸ਼ਾਸਨਿਕ ਪੁਲਿਸ ਅਧਿਕਾਰੀ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਬਹੁਤ ਸਾਰੀਆਂ ਫ਼ਸਲਾਂ 'ਤੇ ਪਾਬੰਦੀ ਲੱਗੀ ਹੋਈ ਹੈ, ਉਹ ਵੀ ਸਰਹੱਦੀ ਖੇਤਰਾਂ ਵਿਚ, ਪਰ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿਚ ਉਹ ਫ਼ਸਲ ਖੁਲ੍ਹ ਕੇ ਬੀਜੀ ਜਾ ਰਹੀ ਹੈ।

ਸਰਹੱਦੀ ਇਲਾਕਿਆਂ ਅੰਦਰ ਜਿਥੇ ਬੀਟੀ ਕਾਟਨ ਬੀਜਣ 'ਤੇ ਪਾਬੰਦੀ ਹੈ, ਉੱਥੇ ਹੀ ਹੋਰ ਉੱਚੀਆਂ ਫ਼ਸਲਾਂ ਕਿਸਾਨਾਂ ਨੂੰ ਨਹੀਂ ਬੀਜਣ ਦਿਤੀਆਂ ਜਾਂਦੀਆਂ।  ਪੰਜਾਬ ਦੇ ਅੰਦਰ ਅਫ਼ੀਮ ਪੋਸਤ ਦੀ ਖੇਤੀ ਨੂੰ ਬਹਾਲ ਕਰਵਾਉਣ ਦੇ ਲਈ ਕਈ ਸਾਂਸਦ ਧਰਮਵੀਰ ਗਾਂਧੀ ਸਮੇਤ ਕਿਸਾਨ ਜਥੇਬੰਦੀਆਂ ਕਾਫ਼ੀ ਕਾਹਲੀਆਂ ਨਜ਼ਰੀ ਆ ਰਹੀਆਂ ਹਨ ਅਤੇ ਉਨ੍ਹਾਂ ਵਲੋਂ ਅਫ਼ੀਮ ਪੋਸਤ ਦੀ ਖੇਤੀ ਨੂੰ ਪੰਜਾਬ ਵਿਚ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਉਨ੍ਹਾਂ ਦੀ ਇਕ ਨਹੀਂ ਸੁਣ ਰਹੀ। ਭਾਵੇਂ ਕਿ ਕੁੱਝ ਕਿਸਾਨ ਜੱਥੇਬੰਦੀਆਂ ਦਾ ਮੰਨਣਾ ਹੈ ਕਿ ਅਫ਼ੀਮ ਪੋਸਤ ਦੀ ਖੇਤੀ ਨਾਲ ਕਿਸਾਨ ਦਾ ਕਰਜ਼ ਉਤਰ ਸਕਦਾ ਹੈ, ਪਰ ਸਰਕਾਰਾਂ ਨੂੰ ਇੰਝ ਲਗਦੈ ਕਿ ਅਫ਼ੀਮ ਪੋਸਤ ਨਾਲ ਸਾਡਾ ਪੰਜਾਬ ਖ਼ਤਮ ਹੋ ਜਾਵੇਗਾ।

ਅਫ਼ੀਮ ਪੋਸਤ ਦੀ ਖੇਤੀ ਸਬੰਧੀ ਜੇਕਰ ਸਰਕਾਰ ਦੀ ਮੰਨ ਲਈਏ ਤਾਂ ਸਰਕਾਰ ਦਾ ਕਹਿਣਾ ਹੈ ਕਿ ਅਫ਼ੀਮ ਪੋਸਤ ਦੀ ਖੇਤੀ ਕਰਨ ਵਾਲਾ ਪੰਜਾਬ ਦਾ ਦੁਸ਼ਮਣ ਹੈ ਅਤੇ ਉਸ 'ਤੇ ਮਾਮਲਾ ਦਰਜ ਕੀਤਾ ਜਾਵੇ। ਜੇਕਰ ਕਿਸਾਨ ਵਰਗ ਦੀ ਮੰਨ ਲਈ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਕਰਜ਼ ਦੇ ਬੋਝ ਥੱਲੋਂ ਕਢਣਾ ਹੀ ਨਹੀਂ ਚਾਹੁੰਦੀ। ਸਰਕਾਰ ਜੇ ਕਿਸਾਨਾਂ ਦੀ ਆਰਥਕ ਹਾਲਤ ਸੁਧਾਰਨਾ ਚਾਹੁੰਦੀ ਹੁੰਦੀ ਤਾਂ ਹੁਣ ਨੂੰ ਕਦੋਂ ਦੀ ਅਫ਼ੀਮ ਪੋਸਤ ਦੀ ਖੇਤੀ ਨੂੰ ਪ੍ਰਵਾਨਗੀ ਮਿਲੀ ਹੁੰਦੀ, ਪਰ ਅਜਿਹਾ ਨਹੀਂ ਹੋ ਰਿਹਾ।

ਦਸ ਦੇਈਏ ਕਿ ਬੀਤੇ ਦਿਨ ਫ਼ਿਰੋਜ਼ਪੁਰ ਸਰਹੱਦੀ ਜ਼ਿਲ੍ਹੇ ਦੇ ਪਿੰਡ ਕਰੀਆਂ ਪਹਿਲਵਾਲ ਵਿਖੇ ਇਕ ਕਿਸਾਨ ਦੇ ਘਰੋਂ ਅਫ਼ੀਮ ਪੋਸਤ ਦੇ ਪੌਦੇ ਵੱਡੀ ਮਾਤਰਾ ਵਿਚ ਬਰਾਮਦ ਕੀਤੇ ਗਏ। ਭਾਵੇਂ ਹੀ ਇਸ ਸਬੰਧ ਵਿਚ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਦੇ ਵਲੋਂ ਉਕਤ ਕਿਸਾਨ ਦੇ ਵਿਰੁਧ ਮੁਕੱਦਮਾ ਦਰਜ ਕਰ ਦਿਤਾ ਗਿਆ ਪਰ ਮੁਕੱਦਮਾ ਦਰਜ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਣੇ ਵੀ ਸ਼ੁਰੂ ਹੋ ਗਏ ਹਨ। ਪਹਿਲਾ ਸਵਾਲ ਇਹ ਕਿ ਜੇਕਰ ਕਿਸਾਨ ਪੋਸਤ ਅਤੇ ਅਫ਼ੀਮ ਦੀ ਖੇਤੀ ਕਰ ਰਿਹਾ ਸੀ ਤਾਂ ਉਸ ਦੇ ਕੋਲ ਬੀਜ ਕਿਥੋਂ ਆਇਆ?

ਦੂਜਾ ਸਵਾਲ ਜੇਕਰ ਅਫ਼ੀਮ ਪੋਸਤ ਪੌਦਿਆਂ ਨੂੰ ਡੋਡੇ ਲੱਗਣ ਵਾਲੇ ਹੋ ਗਏ ਸਨ ਤਾਂ ਇਸ ਦਾ ਪੁਲਿਸ ਨੂੰ ਪਹਿਲਾਂ ਕਿਉਂ ਨਹੀਂ ਪਤਾ ਲਗਿਆ? ਤੀਜਾ ਸਵਾਲ ਪੁਲਿਸ ਖ਼ਸ-ਖ਼ਸ ਵੇਚਣ ਵਾਲਿਆਂ ਵਿਰੁਧ ਕਾਰਵਾਈ ਕਿਉਂ ਨਹੀਂ ਕਰਦੀ, ਕਿਉਂਕਿ ਖ਼ਸ-ਖ਼ਸ ਬਾਜ਼ਾਰਾਂ ਵਿਚੋਂ ਆਮ ਮਿਲ ਜਾਂਦੀ ਹੈ ਅਤੇ ਉਸ ਦੇ ਸੁੱਕੇ ਬੀਜਾਂ ਤੋਂ ਅਫ਼ੀਮ ਪੋਸਤ ਦੀ ਬਿਜਾਈ ਹੁੰਦੀ ਹੈ। ਅਜਿਹੇ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਸਮੇਂ ਦੀਆਂ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਨਹੀਂ ਹੈ। ਜੇਕਰ ਪੁਲਿਸ ਸੱਭ ਤੋਂ ਪਹਿਲੋਂ ਖ਼ਸ ਖ਼ਸ ਵੇਚਣ ਵਾਲਿਆਂ 'ਤੇ ਸ਼ਿਕੰਜਾ ਕਸੇ ਤਾਂ ਕਦੇ ਵੀ ਅਫ਼ੀਮ ਪੋਸਤ ਦੀ ਖੇਤੀ ਨਹੀਂ ਹੋ ਸਕਦੀ। 

ਇਥੇ ਇਕ ਹੋਰ ਗੱਲ ਵੀ ਕਰਨੀ ਬਣਦੀ ਹੈ ਕਿ ਸਰਕਾਰਾਂ ਦਾ ਮੰਨਣਾ ਹੈ ਕਿ ਲੋਕ ਨਸ਼ੇ ਕਰਨ ਲੱਗ ਜਾਣਗੇ ਪਰ ਸਵਾਲ ਇਹ ਹੈ ਕਿ ਕੀ ਨੌਜਵਾਨ ਅੱਜ ਨਸ਼ੇ ਨਹੀਂ ਕਰ ਰਹੇ। ਉਹ ਵੀ ਅਜਿਹਾ ਅੱਗ ਸਵਾਹ ਖਾ ਰਹੇ ਹਨ ਕਿ ਜਿਸ ਨਾਲ ਜਵਾਨੀ ਖ਼ਤਮ ਹੋ ਰਹੀ ਹੈ। ਪੁਰਾਣੇ ਸਮੇਂ 'ਚ ਦੇਖਿਆ ਹੈ ਕਿ ਜਿਹੜੇ ਲੋਕ ਅਫ਼ੀਮ ਖਾਂਦੇ ਸਨ, ਉਹ ਪੂਰੀ ਤਰ੍ਹਾਂ ਤੰਦਰੁਸਤ ਰਹਿੰਦੇ ਸਨ ਤੇ ਲੰਮੀ ਉਮਰ ਭੋਗ ਕੇ ਮਰਦੇ ਸਨ ਪਰ ਸਥਿਤੀ ਇਹ ਹੈ ਕਿ ਨੌਜਵਾਨ ਚਿੱਟਾ, ਸਮੈਕ ਆਦਿ ਪਤਾ ਨਹੀਂ ਕਿਹੜੇ ਕਿਹੜੇ ਗੰਦੇ ਨਸ਼ੇ ਕਰ ਰਹੇ ਹਨ। ਕਈ ਤਾਂ ਭਲ ਮਿਟਾਉਣ ਲਈ ਛਿਪਕਲੀਆਂ ਤਕ ਖਾ ਜਾਂਦੇ ਹਨ। ਇਸ ਨਾਲ ਜਿਥੇ ਉਨ੍ਹਾਂ ਦੇ ਅੰਦਰ ਜ਼ਹਿਰ ਭਰ ਰਹੀ ਹੈ, ਉਥੇ ਹੀ ਕਈ ਪ੍ਰਕਾਰ ਦੀਆਂ ਲਾਇਲਾਜ ਬੀਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਨੌਜਵਾਨ ਮੁੰਡੇ-ਕੁੜੀਆਂ ਪ੍ਰਜਣਨ ਪ੍ਰਕਿਰਿਆ ਵੀ ਨਹੀਂ ਨਿਭਾ ਸਕਣਗੇ। ਇਸ ਲਈ ਸਰਕਾਰਾਂ ਨੂੰ ਇਸ ਪਾਸੇ ਕੁੱਝ ਸੋਚਣਾ ਚਾਹੀਦਾ ਹੈ।