ਧਾਰਮਕ ਸਥਾਨਾਂ 'ਤੇ ਜੀਐਸਟੀ ਤੁਰਤ ਮਾਫ਼ ਹੋਵੇ' 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੋਂ ਉਨ੍ਹਾਂ ਦੀ ਕਰਮ ਭੂਮੀ ਤੇ ਸੁਸ਼ੋਭਿਤ ਤਖ਼ਤ...

Yashwant Sinha and Shatruhgan Sinha

ਸ੍ਰੀ ਆਨੰਦਪੁਰ ਸਾਹਿਬ, 21 ਮਈ (ਸੁਖਵਿੰਦਰਪਾਲ ਸਿੰਘ ਸੁੱਖੂ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੋਂ ਉਨ੍ਹਾਂ ਦੀ ਕਰਮ ਭੂਮੀ ਤੇ ਸੁਸ਼ੋਭਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਮਨ ਨੂੰ ਸਕੂਨ ਮਿਲਿਆ ਹੈ। ਕੇਂਦਰ ਸਰਕਾਰ ਵਲੋਂ ਧਾਰਮਕ ਸਥਾਨਾਂ 'ਤੇ ਲਗਾਇਆ ਗਿਆ ਜੀ ਐਸ ਟੀ ਤੁਰਤ ਮੁਆਫ਼ ਕੀਤਾ ਜਾਣਾ ਚਾਹੀਦਾ ਹੈ ਜਦਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਇਸ ਸਬੰਧੀ ਚੁਕਿਆ ਜਾ ਰਿਹਾ ਕਦਮ ਬੁਹਤ ਹੀ ਸ਼ਲਾਘਾਯੋਗ ਹੈ।

ਇਹ ਪ੍ਰਗਟਾਵਾ ਅੱਜ ਇਥੇ ਪਹੁੰਚੇ ਦੇਸ਼ ਦੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਅਤੇ ਲੋਕ ਸਭਾ ਮੈਂਬਰ ਸ਼ਤਰੂਘਨ ਸਿਨਹਾ ਨੇ ਕੀਤਾ।
ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਣ ਮੌਕੇ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ ਦਾ ਸੁਆਗਤ ਕਰਨ ਲਈ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ, ਵਿਧਾਇਕ ਅਮਰਜੀਤ ਸਿੰਘ ਸੰਦੋਆ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ, ਹਰਤੇਗਵੀਰ ਸਿੰਘ ਤੇਗੀ, ਹਿੰਮਤ ਸਿੰਘ ਸ਼ੇਰਗਿੱਲ ਆਦਿ ਨੇ ਕੀਤਾ। 

ਇਸ ਮੌਕੇ ਉਨ੍ਹਾਂ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਚਰਨਾਂ 'ਚ ਹਾਜ਼ਰੀ ਲਗਵਾਈ ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਸ਼ਟਰੀ ਮੰਚ ਕੋਈ ਪਾਰਟੀ ਨਹੀਂ ਬਲਕਿ ਇਕ ਅੰਦੋਲਨ ਹੈ ਜਿਸ ਦਾ ਮੁੱਖ ਮੰਤਵ ਦੇਸ਼ ਵਿਚੋਂ ਦੋ ਵਿਅਕਤੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਚੁਕੀ ਭਾਜਪਾ ਵਾਲੀ ਮੋਦੀ ਸਰਕਾਰ ਨੂੰ ਚਲਦਾ ਕਰਨਾ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਦਸਿਆ ਕਿ ਸਾਡੇ ਨਾਲ ਵਿਚਾਰਕ ਸਾਂਝ ਰੱਖਣ ਵਾਲੇ ਜੇ ਡੀ ਯੂ, ਕਾਂਗਰਸ, ਆਪ, ਸਪਾ ਆਦਿ ਸਣੇ ਬੁਹਤ ਸਾਰੀਆਂ ਧਿਰਾਂ ਇਕ ਮੰਚ 'ਤੇ ਆ ਗਈਆਂ ਹਨ।

ਜਿਥੋਂ ਤਕ ਰਾਹੁਲ ਗਾਂਧੀ ਦਾ ਸੁਆਲ ਹੈ ਤਾਂ ਸਿਨਹਾ ਨੇ ਕਿਹਾ ਕਿ ਜਿਸ ਫੁਰਤੀ ਨਾਲ ਕਾਂਗਰਸ ਨੇ ਕਰਨਾਟਕ ਨਤੀਜਿਆਂ ਤੋਂ ਬਾਅਦ ਸਰਕਾਰ ਬਣਾਉਣ ਵਿਚ ਤੇਜ਼ੀ ਵਿਖਾਈ ਹੈ ਉਸ ਲਈ ਸਮੁੱਚੀ ਕਾਂਗਰਸ ਲੀਡਰਸ਼ਿਪ ਵਧਾਈ ਦੀ ਪਾਤਰ ਹੈ।ਉਨ੍ਹਾਂ ਕਿਹਾ ਕਿ 2019 ਵਿਚ ਹੋਣ ਵਾਲੀਆਂ ਚੋਣਾਂ ਅੰਦਰ ਮੋਦੀ ਕੋਈ ਮੁੱਦਾ ਨਹੀਂ ਬਲਿਕ ਅਸਲ ਮੁੱਦੇ ਤਾਂ ਦੇਸ਼ ਅੰਦਰ ਭ੍ਰਿਸ਼ਟਾਚਾਰ, ਬੇਰਜ਼ੁਗਾਰੀ, ਕਿਸਾਨੀ, ਦੇਸ਼ ਦੀ ਏਤਕਾ-ਅਖੰਡਤਾ ਦਾ ਖ਼ਤਰਾ, ਵਿਦੇਸ਼ ਨੀਤੀਆਂ ਆਦਿ ਸ਼ਾਮਲ ਹਨ।

ਇਸ ਮੌਕੇ ਸ਼ਤਰੂਘਨ ਸਿਨਹਾ ਨੇ ਇਕ ਵਾਰ ਫਿਰ ਦੁਹਰਾਇਆ ਕਿ ਜੇਕਰ ਭਾਜਪਾ ਮੈਨੂੰ ਕਢਣਾ ਚਾਹੇ ਤਾਂ ਮੈਂ ਖ਼ੁਸ਼ੀ ਖ਼ੁਸ਼ੀ ਪਾਰਟੀ ਛੱਡਣ ਲਈ ਤਿਆਰ ਹੋਵਾਂਗਾ ਪਰ ਸੱਚ ਕਹਿਣ ਤੋਂ ਪਿੱਛੇ ਨਹੀਂ ਹਟਾਂਗਾ। ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਲਗਾਉਣਾ, ਨੋਟਬੰਦੀ ਕਰਨਾ ਮੋਦੀ ਸਰਕਾਰ ਦੀਆਂ ਇਤਿਹਾਸਕ ਗ਼ਲਤੀਆਂ ਹਨ ਜੋ ਦੇਸ਼ ਨੂੰ ਬੁਹਤ ਪਿੱਛੇ ਲੈ ਗਈਆਂ ਹਨ।