ਦਿਹਾਤੀ ਮਜ਼ਦੂਰ ਸਭਾ ਨੇ ਲਗਾਇਆ ਥਾਣੇ ਅੱਗੇ ਧਰਨਾ, ਜਾਣੋ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏ.ਐਸ.ਆਈ .ਬਲਦੇਵ 'ਤੇ ਕੇਸ ਦਰਜ ਕਰਨ ਅਤੇ ਸਸਪੈਂਡ ਕਰਨ ਦੀ ਮੰਗ 

Punjab News

ਸ੍ਰੀ ਮੁਕਤਸਰ ਸਾਹਿਬ  (ਸੋਨੂੰ ਖੇੜਾ) : ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਅੱਗੇ ਸੋਮਵਾਰ ਨੂੰ ਦਿਹਾਤੀ ਮਜ਼ਦੂਰ ਸਭਾ, ਕਮਿਉਨਿਸਟ ਪਾਰਟੀਆਂ ਦੀ ਅਗਵਾਈ 'ਚ ਮਜ਼ਦੂਰ ਜਥੇਬੰਦੀਆਂ ਵਲੋਂ ਧਰਨਾ ਲਗਾਇਆ ਗਿਆ। ਇਸ ਦੌਰਾਨ ਸਭਾ ਦੇ ਆਗੂ ਹਰਜੀਤ ਸਿੰਘ ਮੱਦਰਸਾ ਨੇ ਕਿਹਾ ਕਿ ਬੀਤੇ ਦਿਨੀਂ ਸਭਾ ਦੇ ਆਗੂ ਜਗਜੀਤ ਸਿੰਘ  ਕਿਸੇ ਪੰਚਾਇਤੀ ਮਸਲੇ ਸਬੰਧੀ ਬੱਸ ਅੱਡਾ ਚੌਕੀ ਗਏ ਸਨ। 

ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤੇ ਬਹਿਸਬਾਜ਼ੀ ਹੋ ਗਈ। ਜਿਸ ਮਗਰੋਂ ਏ.ਐਸ.ਆਈ. ਬਲਦੇਵ ਸਿੰਘ ਤੇ ਹੋਰ ਮੁਲਾਜ਼ਮਾਂ ਨੇ ਇਸ ਨਾਲ ਕੁੱਟਮਾਰ ਕੀਤੀ। ਨਾਲ ਹੀ ਝੂਠਾ ਤੇ ਨਾਜਾਇਜ਼ ਪਰਚਾ ਕੱਟ ਕੇ ਜੇਲ ਭੇਜ ਦਿਤਾ। ਪ੍ਰਦਰਸ਼ਨਕਾਰੀਆਂ ਵਲੋਂ ਏ.ਐਸ.ਆਈ. ਬਲਦੇਵ ਸਿੰਘ 'ਤੇ ਕੇਸ ਦਰਜ ਕਰਨ ਤੇ ਸਸਪੈਂਡ ਕਰਨ ਦੀ ਮੰਗ ਕੀਤੀ ਜਾ ਰਹੀ ਸੀ।  

ਇਹ ਵੀ ਪੜ੍ਹੋ: ਬਗ਼ੈਰ ਫ਼ਾਰਮ, ਸ਼ਨਾਖ਼ਤੀ ਕਾਰਡ ਤੋਂ 2,000 ਰੁਪਏ ਦੇ ਨੋਟਾਂ ਨੂੰ ਬਦਲਣ ਵਿਰੁਧ ਜਨਹਿਤ ਪਟੀਸ਼ਨ ਦਾਇਰ

ਏ.ਐਸ.ਆਈ. ਲਾਲਜੀਤ ਸਿੰਘ ਨੇ ਦਸਿਆ ਕਿ ਬੀਤੇ ਦਿਨੀਂ ਏ.ਐਸ.ਆਈ. ਬਲਦੇਵ ਸਿੰਘ ਨਾਲ ਕੋਈ ਜਗਜੀਤ ਸਿੰਘ ਨਾਮਕ ਵਿਅਕਤੀ ਗਲ ਪੈ ਗਿਆ ਸੀ ਤੇ ਇਸ ਸਬੰਧੀ ਜਗਜੀਤ ਸਿੰਘ 'ਤੇ ਮੁਕਦੱਮਾ ਦਰਜ ਹੋਇਆ ਸੀ। ਹੁਣ ਅੱਜ ਧਰਨਾਕਾਰੀਆਂ ਦੀ ਸੰਤੁਸ਼ਟੀ ਕਰਵਾ ਦਿਤੀ ਗਈ ਹੈ ਕਿ ਜੋ ਬਣਦੀ ਕਾਰਵਾਈ ਹੈ ਉਹੀ ਕੀਤੀ ਜਾਵੇਗੀ। ਜਿਸ ਮਗਰੋਂ ਧਰਨਾ ਚੁੱਕ ਲਿਆ ਗਿਆ ਹੈ।