ਨਸ਼ਾ ਵਿਰੋਧੀ ਮੁਹਿੰਮ ਨੇ ਸੈਂਕੜੇ ਸ਼ਰਾਬ ਦੇ ਠੇਕਿਆਂ 'ਤੇ ਫੇਰਿਆ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ 'ਤੇ ਸੈਕੜਿਆਂ ਦੀ ਗਿਣਤੀ 'ਚ ਚੱਲ ਰਹੇ ਸ਼ਰਾਬ ਦੇ ਨਾਜਾਇਜ਼ ਠੇਕਿਆਂ ਨੇ ਪਾਣੀ ਫੇਰ ਦਿਤਾ ਹੈ.........

Liquor Shop

ਪਟਿਆਲਾ : ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ 'ਤੇ ਸੈਕੜਿਆਂ ਦੀ ਗਿਣਤੀ 'ਚ ਚੱਲ ਰਹੇ ਸ਼ਰਾਬ ਦੇ ਨਾਜਾਇਜ਼ ਠੇਕਿਆਂ ਨੇ ਪਾਣੀ ਫੇਰ ਦਿਤਾ ਹੈ। ਤਕਰੀਬਨ ਪੰਜਾਬ ਦੇ ਹਰ ਇਕ ਸ਼ਹਿਰ ਅਤੇ ਕਸਬੇ ਅੰਦਰ ਮੰਨਜ਼ੂਰ ਸੁਦਾ ਸ਼ਰਾਬ ਦੀਆਂ ਦੁਕਾਨਾਂ ਤੋਂ ਬਿਨ੍ਹਾਂ ਨਾਜਾਇਜ਼ ਦੁਕਾਨਾਂ ਵੀ ਆਮ ਹੀ ਚੱਲ ਰਹੀਆਂ ਹਨ ਪਰ ਸ਼ਰਾਬ ਦੇ ਕੁੱਝ ਸਰਕਲਾਂ ਵਿਚ ਇਹ ਗਿਣਤੀ ਲਾਈਸੈਂਸ ਸੁਦਾ ਦੁਕਾਨਾਂ ਨਾਲੋਂ ਕਈ ਗੁਣਾਂ ਜ਼ਿਆਦਾ ਹੈ, ਜਿਸ ਕਰ ਕੇ ਪੰਜਾਬ ਦੇ ਲੋਕਾਂ ਦਾ ਹਰ ਰੋਜ਼ ਕਰੋੜਾਂ ਰੁਪਏ ਸ਼ਰਾਬ ਦੀ ਖਰੀਦ 'ਤੇ ਖ਼ਰਚ ਹੋ ਰਿਹਾ ਹੈ ਪਰ ਪੰਜਾਬ ਸਰਕਾਰ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੀ ਹੈ। 

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਟੀਕੇ ਲਗਾ ਕੇ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਨੇ ਪੰਜਾਬ ਸਰਕਾਰ ਨੂੰ ਬੁਰੀ ਤਰ੍ਹਾਂ ਘੇਰ ਲਿਆ ਸੀ, ਜਿਸ ਕਰ ਕੇ ਮੈਡੀਕਲ ਨਸ਼ੇ ਬੰਦ ਕਰਨ ਅਤੇ ਨਸ਼ਈ ਨੌਜਵਾਨਾਂ ਦੀ ਇਲਾਜ ਕਰਵਾਉਣ ਲਈ ਸਰਕਾਰ ਵਲੋਂ ਮੁਹਿੰਮ ਵਿੱਢੀ ਗਈ ਹੈ ਅਤੇ ਪੁਲਿਸ ਪ੍ਰਸਾਸ਼ਨ ਵਲੋਂ ਬਲੈਕ ਦੇ ਧੰਦੇ ਵਿਚ ਸ਼ਾਮਲ ਔਰਤਾਂ ਅਤੇ ਮਰਦਾਂ ਨੂੰ ਵੱਖ-ਵੱਖ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।  ਆਮ ਲਾਈਸੈਂਸ ਸ਼ੁਦਾ ਸ਼ਰਾਬ ਦੀਆਂ ਦੁਕਾਨਾਂ ਤੋਂ ਕਈ ਗੁਣਾਂ ਵੱਧ ਨਾਜਾਇਜ਼ ਸ਼ਰਾਬ ਦੀਆਂ ਦੁਕਾਨਾਂ ਚੱਲ ਰਹੀਆਂ ਹਨ।

ਖ਼ਾਸ ਕਰ ਕੇ ਪੰਜਾਬ ਹਰਿਆਣਾ, ਹਿਮਾਚਲ, ਰਾਜਸਥਾਨ ਆਦਿ ਦੀਆਂ ਹੱਦਾਂ 'ਤੇ ਅਜਿਹੀਆਂ ਨਾਜਾਇਜ਼ ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ ਕਈ ਗੁਣਾਂ ਜ਼ਿਆਦਾ ਹੈ ਅਤੇ ਦੋਹਾਂ ਰਾਜਾਂ ਦੀਆਂ ਹੱਦਾਂ ਦੇ ਭੇੜ ਵਿਚ ਜਿਥੇ ਸ਼ਰਾਬ ਦੇ ਠੇਕੇਦਾਰਾਂ ਵਲੋਂ ਕਥਿਤ ਤੌਰ 'ਤੇ ਨਾਕੇ ਲਗਾ ਕੇ ਲੋਕਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਉਥੇ ਹੀ ਨਜਾਇਜ਼ ਸ਼ਰਾਬ ਦੀਆਂ ਦੁਕਾਨਾਂ ਖੋਲ੍ਹ ਕੇ ਲੋਕਾਂ ਨੂੰ ਨਸਿਆਂ ਵੱਲ ਧੱਕਿਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਦੀ ਨਸਾ ਵਿਰੋਧੀ ਮੁਹਿੰਮ 'ਤੇ ਇਨ੍ਹਾਂ ਸ਼ਰਾਬ ਦੀਆਂ ਦੁਕਾਨਾਂ ਨੇ ਪਾਣੀ ਫੇਰ ਦਿਤਾ ਹੈ। ਲੋਕਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਨਾਜਾਇਜ਼ ਤੌਰ 'ਤੇ ਖੋਲ੍ਹੀਆਂ ਗਈਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਜਾਵੇ।