ਸਰਕਾਰੀ ਸਕੂਲਾਂ 'ਚ ਸੋਲਰ ਪਾਵਰ ਸਿਸਟਮ ਸਥਾਪਤ ਕਰਨ ਦੀ ਯੋਜਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਖਿਆ ਵਿਭਾਗ ਦਾ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਅਤੇ ਢੁਕਵਾਂ ਮਾਹੌਲ ਦੇਣ ਦਾ ਉਪਰਾਲਾ

Plan to set up solar power system in government schools

ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਸਰਕਾਰ ਵਲੋਂ ਸੂਬੇ ਦੇ 880 ਸਰਕਾਰੀ ਸੀਨੀ.ਸੈਕੰ.ਅਤੇ ਹਾਈ ਸਕੂਲਾਂ ਵਿਚ 3080.00 ਲੱਖ ਰੁਪਏ ਦੀ ਲਾਗਤ ਨਾਲ ਸੋਲਰ ਪਾਵਰ ਸਿਸਟਮ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ। ਜਿਸ ਦੇ ਲਈ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਵਲੋਂ ਜ਼ਿਲ੍ਹਾ ਸਿਖਿਆ ਅਧਿਕਾਰੀਆਂ ਨੂੰ ਇਸ ਬਾਰੇ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਸ ਬਾਰੇ ਨੈਟ ਮਿਟਰਿੰਗ ਲਈ ਵੈਬਸਾਈਟ 'ਤੇ ਆਨਲਾਈਨ ਅਪਲਾਈ ਕੀਤਾ ਜਾਵੇਗਾ। ਰੂਪਨਗਰ ਜ਼ਿਲ੍ਹੇ ਦੇ ਜਿਹੜੇ 20 ਸੀਨੀਅਰ ਸੈਕੰਡਰੀ ਸਕੂਲ ਇਸ ਲਈ ਚੁਣੇ ਗਏ ਹਨ ਉਨ੍ਹਾਂ ਵਿਚ ਸਰਕਾਰੀ ਸੀਨੀ.ਸੈਕ.ਸਕੂਲ ਘਨੋਲੀ, ਬਹਿਰਾਮਪੁਰ, ਮਸੇਵਾਲ, ਸੁਖਸਾਲ, ਕਾਹਨਪੂਰ ਖੂਹੀ, ਧਮਾਣਾ, ਮੋਰਿੰਡਾ, ਬੇਲਾ, ਗਰਲਜ ਸਕੂਲ ਸ੍ਰੀ ਅਨੰਦਪੁਰ ਸਾਹਿਬ, ਨੰਗਲ, ਰੂਪਨਗਰ, ਭਲਾਨ, ਲੜਕੇ ਨੰਗਲ, ਪੂਰਖਾਲੀ, ਬਾਸੋਵਾਲ, ਕੀਰਤਪੁਰ ਸਾਹਿਬ, ਝੱਜ, ਲੜਕੇ ਨੂਰਪੁਰ ਕਲਾ, ਭਰਤਗੜ੍ਹ, ਗਰਲਜ ਸਕੂਲ ਨੂਰਪੁਰ ਕਲਾਂ ਦੇ ਸਕੂਲ ਸ਼ਾਮਲ ਹਨ। 

ਪੰਜਾਬ ਸਰਕਾਰ ਵਲੋਂ ਸਕੂਲ ਸਿਖਿਆ ਵਿਭਾਗ ਰਾਹੀਂ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਅਤੇ ਉਥੇ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਸਕੂਲਾਂ ਨੂੰ ਸਮਾਰਟ ਸਕੂਲ ਬਣਾ ਕੇ ਉਨ੍ਹਾਂ ਸਕੂਲਾਂ ਵਿਚ ਅਧੁਨਿਕ ਸਹੂਲਤਾਂ ਮੁਹਈਆ  ਕਰਵਾਈਆਂ ਜਾ ਰਹੀਆਂ ਹਨ। ਮੁਕਾਬਲੇਬਾਜ਼ੀ ਦੇ ਦੌਰ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਮਿਆਰੀ ਸਿਖਿਆ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਅੱਜ ਸਿਖਿਆ ਸੰਸਥਾਵਾਂ ਵਲੋਂ ਵਿਦਿਆਰਥੀਆਂ ਨੂੰ ਦਿਤੀ ਜਾ ਰਹੀ ਵਿਦਿਆ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀ ਦੇਸ਼ ਭਰ ਦੇ ਵੱਖ ਵੱਖ ਮੁਕਾਬਲਿਆਂ ਵਿਚ ਜ਼ਿਕਰਯੋਗ ਪ੍ਰਾਪਤੀਆਂ ਕਰ ਰਹੇ ਹਨ। ਪਿਛਲੇ ਸਮੇਂ ਦੌਰਾਨ ਸਕੂਲ ਸਿਖਿਆ ਵਿਚ ਚੌਖੇ ਸੁਧਾਰਾ ਨਾਲ ਸਰਕਾਰੀ ਸਕੂਲਾਂ ਦੇ ਨਤੀਜੇ ਪਹਿਲਾਂ ਤੋਂ ਬਿਹਤਰ ਹੋਏ ਹਨ ਅਤੇ ਸਰਕਾਰੀ ਸਕੂਲਾਂ ਵਿਚ ਦਾਖ਼ਲਿਆਂ ਦੀ ਗਿਣਤੀ ਵਿਚ ਚੌਖਾ ਵਾਧਾ ਹੋਇਆ ਹੈ।