ਪੰਜਾਬ 'ਚ ਹੋ ਸਕੇਗੀ ਫ਼ਿਲਮਾਂ ਤੇ ਗੀਤਾਂ ਦੀ ਸ਼ੂਟਿੰਗ, CM ਵਲੋਂ ਰਸਮੀ ਗਾਈਡਲਾਈਨਜ਼ ਜਾਰੀ ਕਰਨ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਿੱਪੀ ਗਰੇਵਲ ਸਮੇਤ ਕਈ ਕਲਾਕਾਰਾਂ ਨੇ ਮੁੱਖ ਮੰਤਰੀ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਕੀਤੀ ਸੀ ਮੁਲਾਕਾਤ

Capt Amrinder Singh

ਚੰਡੀਗੜ੍ਹ : ਕਰੋਨਾ ਵਾਇਰਸ ਕਾਰਨ ਫ਼ਿਲਮਾਂ ਅਤੇ ਗੀਤਾਂ ਦੀ ਬੰਦ ਪਈ ਸ਼ੂਟਿੰਗ ਹੁਣ ਮੁੜ ਚਾਲੂ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਸਬੰਧੀ ਮੁੱਖ ਮੰਤਰੀ ਵਲੋਂ ਮੁੱਖ ਸਕੱਤਰ ਨੂੰ ਕਰੋਨਾ ਕਾਲ ਦੌਰਾਨ ਸੂਬੇ 'ਚ ਫ਼ਿਲਮਾਂ ਅਤੇ ਗਾਣਿਆਂ ਦੀ ਸ਼ੂਟਿੰਗ ਲਈ ਰਸਮੀ ਹਦਾਇਤਾਂ ਤਿਆਰ ਕਰਨ ਦੇ ਆਦੇਸ਼ ਦਿਤੇ ਹਨ।

ਇਸ ਸਬੰਧੀ ਬੁੱਧਵਾਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਗਿੱਪੀ ਗਰੇਵਾਲ, ਰਣਜੀਤ ਬਾਵਾ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਮੁੱਖ ਮੰਤਰੀ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਗੱਲਬਾਤ ਕੀਤੀ ਸੀ। ਉਪਰੋਕਤ ਕਲਾਕਾਰਾਂ ਨੇ ਮੁੱਖ ਮੰਤਰੀ ਨੂੰ ਕਰੋਨਾ ਕਾਲ ਦੌਰਾਨ ਫ਼ਿਲਮਾਂ ਅਤੇ ਗੀਤਾਂ ਦੀ ਬੰਦ ਪਈ ਸ਼ੂਟਿੰਗ ਨੂੰ ਮੁੜ ਚਾਲੂ ਕਰਵਾਉਣ ਹਿਤ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਸੀ।

ਉਨ੍ਹਾਂ ਮੁੱਖ ਮੰਤਰੀ ਦੇ ਧਿਆਨ 'ਚ ਲਿਆਂਦਾ ਕਿ ਭਾਵੇਂ ਪਿਛਲੇ ਮਹੀਨੇ ਪੰਜਾਬ 'ਚ ਸ਼ੂਟਿੰਗ ਦੀ ਇਜਾਜ਼ਤ ਮਿਲ ਗਈ ਸੀ ਪਰ ਬਿਨ੍ਹਾਂ ਸਪੱਸ਼ਟ ਹਦਾਇਤਾਂ ਦੇ ਕੰਮ ਕਰਨ 'ਚ ਦਿੱਕਤ ਮਹਿਸੂਸ ਹੋ ਰਹੀ ਸੀ। ਮੁੱਖ ਮੰਤਰੀ ਨੇ ਕਲਾਕਾਰਾਂ ਦੀ ਸਮੱਸਿਆ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਤੁਰੰਤ ਹਦਾਇਤਾਂ ਤਿਆਰ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਹੁਣ ਕਰੋਨਾ ਮਹਾਮਾਰੀ ਦੌਰਾਨ ਸਾਵਧਾਨੀ ਦਾ ਖਿਆਲ ਰਖਦਿਆਂ ਸ਼ੂਟਿੰਗ ਨੂੰ ਮੁਕੰਮਲ ਕਰਨ 'ਚ ਸੌਖ ਹੋ ਜਾਵੇਗੀ।

ਕਾਬਲੇਗੌਰ ਹੈ ਕਿ ਕਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਪੰਜਾਬ ਪਹਿਲਾ ਸੂਬਾ ਸੀ ਜਿੱਥੇ ਸਭ ਤੋਂ ਪਹਿਲਾਂ ਕਰਫ਼ਿਊ ਲੱਗਿਆ ਸੀ। ਇਸ ਤੋਂ ਬਾਅਦ ਫ਼ਿਲਮਾਂ ਅਤੇ ਗਾਣਿਆਂ ਦੀ ਸ਼ੂਟਿੰਗ ਮੁਕੰਮਲ ਤੌਰ 'ਤੇ ਬੰਦ ਹੋ ਗਈ ਸੀ। ਹੁਣ ਜਦੋਂ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਖੁਲ੍ਹਾ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਤਾਂ ਫ਼ਿਲਮਾਂ ਅਤੇ ਗਾਣਿਆਂ ਦੀ ਮੁੜ ਸ਼ੂਟਿੰਗ ਦੀ ਮੰਗ ਜ਼ੋਰ ਫੜਨ ਲੱਗ ਪਈ ਸੀ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸ਼ੂਟਿੰਗ ਦੀ ਇਜਾਜ਼ਤ ਦੇ ਦਿਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।