ਸਿਵਲ ਸਰਜਨ ਮੁਹਾਲੀ ਦਾ ਸਪੱਸ਼ਟੀਕਰਨ, ‘ਜ਼ਿਲ੍ਹੇ ’ਚ ਮੰਕੀਪਾਕਸ ਦਾ ਕੋਈ ਕੇਸ ਨਹੀਂ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਸਪੱਸ਼ਟ ਕੀਤਾ ਕਿ ਸਬੰਧਤ ਸਕੂਲ ਦੇ ਤਿੰਨ ਵਿਦਿਆਰਥੀਆਂ ਅੰਦਰ ਹੱਥਾਂ, ਪੈਰਾਂ ਅਤੇ ਮੂੰਹ ਦੀ ਬੀਮਾਰੀ ਦੇ ਕੁਝ ਲੱਛਣ ਵੇਖੇ ਗਏ ਸਨ

Mohali Civil Surgeon statement on suspected case of Monkeypox

 

ਮੁਹਾਲੀ: ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਨੇ ਜ਼ਿਲ੍ਹੇ ਦੇ ਇਕ ਸਕੂਲ ਵਿਚ ਮੰਕੀਪਾਕਸ ਬੀਮਾਰੀ ਦੇ ਕੇਸ ਸਾਹਮਣੇ ਆਉਣ ਸਬੰਧੀ ਖ਼ਬਰ ਨੂੰ ਮੁੱਢੋਂ ਹੀ ਰੱਦ ਕਰਦਿਆਂ ਕਿਹਾ ਹੈ ਕਿ ਜ਼ਿਲ੍ਹੇ ਵਿਚ ਮੰਕੀਪਾਕਸ ਬੀਮਾਰੀ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਅੱਜ ਇਕ ਪ੍ਰਮੁੱਖ ਅਖ਼ਬਾਰ ਵਿਚ ਖ਼ਬਰ ਛਪੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਇਕ ਸਕੂਲ ਦੇ ਵਿਦਿਆਰਥੀਆਂ ਅੰਦਰ ਮੰਕੀਪਾਕਸ ਦੇ ਕੁਝ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।


Mohali Civil Surgeon statement on suspected case of Monkeypox

ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਹ ਖ਼ਬਰ ਪੂਰੀ ਤਰ੍ਹਾਂ ਤੱਥਹੀਣ ਅਤੇ ਬੇਬੁਨਿਆਦ ਹੈ। ਉਹਨਾਂ ਸਪੱਸ਼ਟ ਕੀਤਾ ਕਿ ਸਬੰਧਤ ਸਕੂਲ ਦੇ ਤਿੰਨ ਵਿਦਿਆਰਥੀਆਂ ਅੰਦਰ ਹੱਥਾਂ, ਪੈਰਾਂ ਅਤੇ ਮੂੰਹ ਦੀ ਬੀਮਾਰੀ ਦੇ ਕੁਝ ਲੱਛਣ ਵੇਖੇ ਗਏ ਸਨ, ਜਿਨ੍ਹਾਂ ਦੇ ਸੈਂਪਲ ਸਬੰਧਤ ਲੈਬ ਵਿਚ ਜਾਂਚ ਲਈ ਭੇਜ ਦਿਤੇ ਗਏ ਸਨ। ਇਕ ਸੈਂਪਲ ਦੀ ਰੀਪੋਰਟ ਆ ਗਈ ਹੈ ਜਿਸ ਵਿਚ ਸਬੰਧਤ ਬੱਚੇ ਨੂੰ ਹੱਥਾਂ, ਪੈਰਾਂ ਅਤੇ ਮੂੰਹ ਦੀ ਬੀਮਾਰੀ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ ਬਾਕੀ ਦੋ ਸੈਂਪਲਾਂ ਦੀ ਰੀਪੋਰਟ ਜਲਦ ਹੀ ਆ ਜਾਵੇਗੀ। ਉਹਨਾਂ ਦਸਿਆ ਕਿ ਪੂਰੇ ਦੇਸ਼ ਵਿਚ ਮੰਕੀਪਾਕਸ ਦੇ ਹਾਲੇ ਦੋ ਮਾਮਲੇ ਸਾਹਮਣੇ ਆਏ ਹਨ ਜਦਕਿ ਪੰਜਾਬ ਵਿਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।


Mohali Civil Surgeon statement on suspected case of Monkeypox

ਅਧਿਕਾਰੀਆਂ ਨੇ ਦਸਿਆ ਕਿ ਇਹ ਬੀਮਾਰੀ ਆਮ ਤੌਰ ’ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹੁੰਦੀ ਹੈ ਜਿਸ ਦੇ ਪ੍ਰਮੁੱਖ ਲੱਛਣਾਂ ਵਿਚ ਮੂੰਹ ਵਿਚ ਛਾਲੇ ਹੋਣਾ ਅਤੇ ਹੱਥਾਂ ਤੇ ਪੈਰਾਂ ਉਤੇ ਲਾਲ ਰੰਗ ਦੇ ਧੱਫੜ ਉਭਰਨਾ ਸ਼ਾਮਲ ਹੈ। ਉਹਨਾਂ ਕਿਹਾ ਕਿ ਇਸ ਬੀਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਬਹੁਤੇ ਮਾਮਲਿਆਂ ਵਿਚ ਇਹ ਬੀਮਾਰੀ ਕੁਝ ਦਿਨਾਂ ਬਾਅਦ ਅਪਣੇ ਆਪ ਠੀਕ ਹੋ ਜਾਂਦੀ ਹੈ।