ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਅਦਾਲਤ ਅੱਗੇ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਹਾਲੀ ਦੇ ਪ੍ਰਧਾਨ ਹਰਦੀਪ ਸਿੰਘ ਦੀਵਾਨਾ ਨੇ ਵਕੀਲਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਦਿਆਂ.............

Lawyers on the Strike

ਐਸ.ਏ.ਐਸ. ਨਗਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਹਾਲੀ ਦੇ ਪ੍ਰਧਾਨ ਹਰਦੀਪ ਸਿੰਘ ਦੀਵਾਨਾ ਨੇ ਵਕੀਲਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਵਕੀਲਾਂ ਦੇ ਚੈਂਬਰਾਂ ਤੇ ਕੋਰਟ ਨੂੰ ਆਉਣ ਜਾਣ ਵਾਲੇ ਰਸਤੇ ਵਿਚ ਲਗਵਾਏ ਗੇਟਾਂ ਨੂੰ ਹਟਾਇਆ ਜਾਵੇ ਤਾਂ ਕਿ ਵਕੀਲਾਂ ਨੂੰ ਅਪਣੇ ਚੈਂਬਰਾਂ ਵਿਚ ਆਉਣ-ਜਾਣ ਲਈ ਕੋਈ ਅੜਚਨ ਨਾ ਆਵੇ। ਚੈਂਬਰ ਅਤੇ ਕੋਰਟ ਵਿਚ ਲਗਾਏ ਗੇਟ ਸਵੇਰ 9 ਵਜੇ ਤੋਂ 5 ਵਜੇ ਤਕ ਖੋਲ੍ਹਣ ਦੀ ਤਜਵੀਜ਼ ਹੈ। ਪ੍ਰਧਾਨ ਦੀਵਾਨਾ ਨੇ ਕਿਹਾ ਕਿ ਇਹ ਗੇਟ ਛੁੱਟੀ ਵਾਲੇ ਦਿਨ ਵੀ ਬੰਦ ਰਹਿਣਗੇ ਜਦਕਿ ਵਕੀਲ 5 ਵਜੇ ਤੋਂ ਬਾਅਦ ਵੀ ਅਪਣੇ ਚੈਂਬਰਾਂ ਵਿਚ ਕੰਮ ਕਰਦੇ ਹਨ ਅਤੇ ਛੁੱਟੀ ਵਾਲੇ ਦਿਨ ਵੀ ਕੰਮ ਕਰਦੇ ਹਨ।

ਜੇ ਇਹ ਗੇਟ ਬੰਦ ਰਹਿੰਦੇ ਹਨ ਤਾਂ ਵਕੀਲਾਂ ਨੂੰ ਅਪਣੇ ਚੈਂਬਰਾਂ ਵਿੱਚ ਜਾਣ ਵਾਸਤੇ ਕੋਈ ਵੀ ਰਸਤਾ ਨਹੀਂ ਹੈ ਅਤੇ ਜੇ ਕੋਈ ਅਚਨਚੇਤ ਅੱਗ ਸਬੰਧੀ ਦੁਰਘਟਨਾ ਹੋ ਜਾਂਦੀ ਹੈ ਤਾਂ ਵਕੀਲਾਂ ਨੂੰ ਚੈਂਬਰਾਂ ਵਿਚੋਂ ਨਿਕਲਣ ਦਾ ਕੋਈ ਰਸਤਾ ਨਹੀਂ ਹੈ। ਦੀਵਾਨਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਗੇਟ ਪੱਕੇ ਤੌਰ ਤੇ ਖੋਲ੍ਹੇ ਜਾਣ ਅਤੇ ਲੰਬੇ ਸਮੇਂ ਤੋਂ ਕੋਰਟ ਵਿੱਚ ਬੰਦ ਪਈ ਕੰਟੀਨ ਚਾਲੂ ਕੀਤੀ ਜਾਵੇ ਤਾਂ ਕਿ ਵਕੀਲਾਂ ਅਤੇ ਆਮ ਪਬਲਿਕ ਨੂੰ ਕੰਟਰੋਲ ਰੇਟ ਤੇ ਖਾਣ-ਪੀਣ ਦੀਆਂ ਵਸਤਾਂ ਉਪਲੱਬਧ ਹੋ ਸਕਣ।

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀਵਾਨਾ ਨੇ ਕਿਹਾ ਕਿ ਕੋਰਟ ਕੰਪਲੈਕਸ ਦੀ ਬੇਸਮੈਂਟ ਵਿੱਚ ਲਗਭਗ 300 ਕਾਰਾਂ ਖੜੀਆਂ ਕਰਨ ਦੀ ਜਗ੍ਹਾ ਹੈ ਪਰੰਤੂ ਕੋਰਟ ਪ੍ਰਸ਼ਾਸਨ ਨੇ ਇਸ ਪਾਰਕਿੰਗ ਨੂੰ ਜਾਣ ਬੁਝ ਕੇ ਬੰਦ ਰੱਖਿਆ ਹੋਇਆ ਹੈ। ਵਕੀਲਾਂ ਦੀ ਮੰਗ ਹੈ ਕਿ ਇਸ ਬੇਸਮੈਂਟ ਦੀ ਪਾਰਕਿੰਗ ਨੂੰ ਤੁਰੰਤ ਵਕੀਲਾਂ ਵਾਸਤੇ ਖੋਲ੍ਹਿਆ ਜਾਵੇ ਤਾਂ ਜੋ ਸੜਕ ਤੇ ਲੱਗਦੇ ਨਿੱਤ ਦੇ ਜਾਮ ਤੋਂ ਨਿਜਾਤ ਪਾਈ ਜਾ ਸਕੇ ਅਤੇ ਬੰਦ ਪਏ ਬਾਥਰੂਮਾਂ ਨੂੰ ਖੋਲ਼੍ਹਿਆ ਜਾਵੇ ਅਤੇ ਬਾਥਰੂਮਾਂ ਦੀ ਸਾਫ਼-ਸਫ਼ਾਈ ਦਾ ਉਚਿਤ ਪ੍ਰਬੰਧ ਕੀਤਾ ਜਾਵੇ। ਇਸ ਦੌਰਾਨ ਮੋਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰ ਮੌਜੂਦ ਸਨ।