Breaking- ਵਿਧਾਨ ਸਭਾ ਵਧੀਕ ਸਕੱਤਰ ਪਕਿਸਤਾਨ ਦੌਰੇ ਦੇ ਫੰਡ ਗਬਨ ਲਈ ਜ਼ਿਮੇਵਾਰ ਪਾਇਆ
ਪੰਜਾਬ ਵਿਧਾਨ ਸਭਾ ਦੇ ਸਕੱਤਰੇਤ ਦੇ ਅਮਲਾ ਸ਼ਾਖਾ ਹੁਕਮਾਂ ਤਹਿਤ ਵਧੀਕ ਸਕੱਤਰ ਅਨਿਲ ਵਿੱਜ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ ਹੈ..........
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਵਿਧਾਨ ਸਭਾ ਦੇ ਸਕੱਤਰੇਤ ਦੇ ਅਮਲਾ ਸ਼ਾਖਾ ਹੁਕਮਾਂ ਤਹਿਤ ਵਧੀਕ ਸਕੱਤਰ ਅਨਿਲ ਵਿੱਜ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ ਹੈ। ਅੱਜ ਜਾਰੀ ਹੋਏ ਇਕ ਹੁਕਮ ਵਿਚ ਕਿਹਾ ਗਿਆ ਹੈ ਕਿ 'ਦਫਤਰ ਦੇ ਅਧੀਨ ਕਰਮਚਾਰੀਆਂ ਨੂੰ ਗੁੰਮਰਾਹ ਕਰਨ ਅਤੇ ਦਫ਼ਤਰੀ ਪ੍ਰਸ਼ਾਸਨ ਵਿਰੁਧ ਉਕਸਾ ਕੇ ਅਨੁਸ਼ਾਸਨਹੀਣਤਾ ਪੈਦਾ ਕਰਨ ਕਰਕੇ ਉਕਤ ਅਧਿਕਾਰੀ ਨੂੰ ਸਰਕਾਰੀ ਕਰਮਚਾਰੀ (ਆਚਰਣ) ਨਿਯਮਾਵਲੀ ਦੇ ਸਬੰਧਤ ਰੂਲ ਅਧੀਨ ਗੰਭੀਰ ਦੁਰਵਿਵਹਾਰ ਲਈ ਸਪੀਕਰ ਨੇ ਪੰਜਾਬ ਸਿਵਲ ਸੇਵਾ (ਸਜ਼ਾ ਅਤੇ ਅਪੀਲ) ਰੂਲ 1970 ਦੇ ਨਿਯਮ 4 ਅਧੀਨ ਤੁਰੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਨਾਲ ਹੀ ਇਹ ਵੀ ਸਪਸ਼ਟ ਆਖ ਦਿੱਤਾ ਹੈ ਕਿ ਇਹ ਅਧਿਕਾਰੀ ਸਮਰਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਗੈਰ ਹੈਡਕੁਆਰਟਰ ਨਹੀਂ ਛੱਡੇਗਾ। ਚਾਰਜਸ਼ੀਟ ਬਾਅਦ ਵਿਚ ਜਾਰੀ ਕੀਤੀ ਜਾਵੇਗੀ। ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਮਿਲੀ ਇਸ ਜਾਣਕਾਰੀ ਤਹਿਤ ਸਾਬਕਾ ਜੱਜ ਵਲ਼ੋਂ ਕੀਤੀ ਗਈ ਜਾਂਚ ਵਿਚ ਵਿਧਾਨ ਸਭਾ ਵਧੀਕ ਸਕੱਤਰ ਅਨਿਲ ਵਿਜ ਪਾਕਿਸਤਾਨ ਦੌਰੇ ਦੌਰਾਨ ਫੰਡਾਂ ਦੇ ਘਪਲੇ ਲਈ ਵੀ ਜ਼ਿਮੇਵਾਰ ਕਰਾਰ ਦਿੱਤਾ ਗਿਆ ਹੈ।
ਸਾਲ 2005 ਵੇਲੇ ਹੋਇਆ ਕਰੀਬ 4-5 ਲੱਖ ਦਾ ਘਪਲਾ ਹੁਣ ਵਿਆਜ ਸਣੇ ਲਗਭਗ 14-15 ਲੱਖ ਬਣ ਗਿਆ ਹੋਣ ਦੀ ਸੰਭਾਵਨਾ ਹੈ। ਮਾਮਲੇ ਦੀ ਮੁਢਲੀ ਜਾਂਚ ਕਰੀਬ ਅੱਧੀ ਦਰਜਨ ਅਧਿਕਾਰੀਆਂ ਕੋਲੋਂ ਕੀਤੀ ਗਈ। ਪੁੱਛਗਿੱਛ (ਗਵਾਹੀਆਂ) ਵਿਚ ਵਿਜ ਨੂੰ ਗਬਨ ਲਈ ਜ਼ਿੰਮੇਵਾਰ ਨਾਮਜ਼ਦ ਕੀਤਾ ਗਿਆ ਹੈ। ਵਿਜ ਉਸ ਵੇਲੇ ਬਤੌਰ ਖੋਜ ਅਫਸਰ ਤਾਇਨਾਤ ਸਨ।