ਪਤੀ ਦੇ ਜ਼ੁਲਮਾਂ ਤੋਂ ਅੱਕ ਕੇ ਪਤਨੀ ਨੇ ਲਗਾਈ ਸਰਕਾਰ ਅੱਗੇ ਇਨਸਾਫ਼ ਦੀ ਗੁਹਾਰ

ਏਜੰਸੀ

ਖ਼ਬਰਾਂ, ਪੰਜਾਬ

ਪੀੜਤ ਨੇ ਦਸਿਆ ਕਿ ਉਸ ਦੇ ਵਿਆਹ ਨੂੰ 15 ਸਾਲ ਹੋ ਚੁੱਕੇ ਹਨ ਤੇ ਉਸ ਦੇ ਦੋ ਬੱਚੇ ਵੀ ਹਨ

Amritsar husband persecution marriage government death

ਅੰਮ੍ਰਿਤਸਰ: ਪਿਛਲੇ ਸਮੇਂ ਤੋਂ ਜਸਮੀਨ ਕੌਰ ਅਪਣੇ ਪਤੀ ਦੀ ਕੁੱਟਮਾਰ ਤੋਂ ਦੁੱਖੀ ਹੋ ਕੇ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ। ਜਸਮੀਨ ਕੌਰ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਹੈ। ਉਹ ਜਦੋਂ ਵੀ ਇਸ ਦੀ ਸ਼ਿਕਾਇਤ ਪੁਲਿਸ ਕੋਲ ਕਰਦੀ ਤਾਂ ਉਸ ਦਾ ਪਤੀ ਦਬਾਅ ਪਾ ਕੇ ਰਾਜ਼ੀਨਾਮਾ ਕਰ ਲੈਂਦਾ ਹੈ ਤੇ ਫਿਰ ਮਾਮਲਾ ਠੰਡਾ ਹੋਣ ਤੇ ਉਸ ਦਾ ਮਾੜਾ ਸਲੂਕ ਕਰਦਾ ਹੈ।

ਇਸ ਵਾਰ ਵੀ ਕੁੱਝ ਅਜਿਹਾ ਹੀ ਹੋਇਆ ਜਸਮੀਨ ਦੇ ਪਤੀ ਨੇ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਹੁਣ ਉਹ ਥਾਂ ਥਾਂ ਭਟਕਦੀ ਫਿਰਦੀ ਹੈ। ਜਸਮੀਨ ਨੇ ਪੁਲਿਸ ਤੇ ਵੀ ਰਾਜਨੀਤਿਕ ਦਬਾਅ ਦਾ ਆਰੋਪ ਲਗਾਇਆ ਹੈ। ਪੀੜਤ ਨੇ ਦਸਿਆ ਕਿ ਉਸ ਦੇ ਵਿਆਹ ਨੂੰ 15 ਸਾਲ ਹੋ ਚੁੱਕੇ ਹਨ ਤੇ ਉਸ ਦੇ ਦੋ ਬੱਚੇ ਵੀ ਹਨ। ਉਸ ਨੇ ਦਸਿਆ ਕਿ ਉਸ ਦਾ ਪਤੀ ਘਰ ਦੇ ਅੰਦਰ ਦਰਵਾਜ਼ੇ ਬੰਦ ਕਰ ਕੇ ਉਸ ਦੀ ਬੇਰਿਹਮੀ ਨਾਲ ਕੁੱਟਮਾਰ ਕਰਦਾ ਹੈ ਤੇ ਦਾਜ ਦੀ ਮੰਗ ਕਰਦਾ ਹੈ।

ਹੁਣ ਵੀ ਉਹ ਦੋ ਲੱਖ ਰੁਪਏ ਮੰਗ ਰਿਹਾ ਹੈ ਜੋ ਕਿ ਉਹ ਨਹੀਂ ਦੇ ਸਕਦੀ। ਉਸ ਨੇ ਅੱਗੇ ਦਸਿਆ ਕਿ ਪਹਿਲਾਂ ਵੀ ਕਈ ਵਾਰ ਅਪਣੇ ਪੇਕੇ ਪਰਵਾਰ ਤੋਂ ਪੈਸੇ ਲੈ ਕੇ ਆਈ ਹੈ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਉਹਨਾਂ ਵਿਰੁਧ ਦਰਜ ਕੀਤੇ ਗਏ ਹਨ ਪਰ ਰਾਜਨੀਤਿਕ ਦਬਾਅ ਕਾਰਨ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਇਸ ਕਾਰਨ ਹੁਣ ਉਹ ਦੁੱਖੀ ਹੋ ਕੇ ਸਰਕਾਰ ਤੋਂ ਇਨਸਾਫ਼ ਮੰਗ ਰਹੀ ਹੈ। ਦੂਜੇ ਪਾਸੇ ਇਸ ਸਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।