ਖੇਤੀ ਬਿੱਲਾਂ ਖਿਲਾਫ਼ ਆਰ-ਪਾਰ ਦੀ ਲੜਾਈ ਲਈ ਇਕਜੁਟ ਹੋਈਆਂ 30 ਤੋਂ ਵਧੇਰੇ ਕਿਸਾਨ ਜਥੇਬੰਦੀਆਂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਨੂੰ ਮਿਲ ਰਿਹੈ ਸਿਆਸੀ ਧਿਰਾਂ ਸਮੇਤ ਹਰ ਵਰਗ ਦਾ ਭਰਵਾਂ ਸਾਥ

Farmers Protest

ਚੰਡੀਗੜ੍ਹ : ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆਰ-ਪਾਰ ਦੇ ਮੂੜ 'ਚ ਹਨ। ਕਿਸਾਨ ਜਥੇਬੰਦੀਆਂ ਨੂੰ ਸਿਆਸੀ ਦਲਾਂ ਸਮੇਤ ਹਰ ਵਰਗ ਦਾ ਭਰਵਾਂ ਸਾਥ ਮਿਲ ਰਿਹਾ ਹੈ।  ਇਸ ਸੰਘਰਸ਼ ਲਈ ਪੰਜਾਬ ਦੀਆਂ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਇਕਜੁਟ ਹੋ ਗਈਆਂ ਹਨ। ਭਾਜਪਾ ਨੂੰ ਛੱਡ ਕੇ ਉਸ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਮੇਤ ਬਾਕੀ ਸਾਰੇ ਸਿਆਸੀ ਦਲ ਇਕਸੁਰ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ। ਅੱਜ ਪੰਜਾਬ ਕਾਂਗਰਸ ਦੇ ਸੱਦੇ 'ਤੇ ਕਈ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸੀ ਵਰਕਰਾਂ ਨੇ ਰੋਸ ਮੁਜ਼ਾਹਰੇ ਕੀਤੇ। ਕਈ ਜਗ੍ਹਾ ਵਜ਼ੀਰਾਂ ਨੇ ਵੀ ਹਾਜ਼ਰੀ ਭਰੀ।

ਬੱਸੀ ਪਠਾਣਾਂ ਵਿਖੇ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਬਣਾ ਕੇ ਕਾਰਪੋਰੇਟ ਕੰਪਨੀਆਂ ਨੂੰ ਕਿਸਾਨਾਂ ਨੂੰ ਲੁੱਟਣ ਦੀ ਆਜ਼ਾਦੀ ਦੇ ਦਿਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਖ ਰਹੇ ਹਨ ਕਿ ਕਿਸਾਨਾਂ ਨੂੰ ਅਜ਼ਾਦੀ ਦੇ ਦਿਤੀ ਹੈ ਜਦਕਿ ਸੱਚ ਇਹ ਹੈ ਕਿ ਕਿਸਾਨ ਤਾਂ ਪਹਿਲਾਂ ਹੀ ਕਿਸੇ ਵੀ ਸੂਬੇ 'ਚ ਆਪਣੀ ਜਿਣਸ ਵੇਚ ਸਕਦੇ ਸਨ। ਇਸੇ ਤਰ੍ਹਾਂ ਮੋਹਾਲੀ ਨੂੰ ਛੱਡ ਕੇ ਪੰਜਾਬ ਦੇ ਕਈ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸੀ ਵਰਕਰਾਂ ਨੇ ਰੋਸ ਮੁਜ਼ਾਹਰੇ ਕੀਤੇ ਗਏ।

ਦੂਜੇ ਪਾਸੇ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਸਿਰ-ਧੜ ਦੀ ਬਾਜ਼ੀ ਲਾਉਣ ਦੇ ਮੂੜ 'ਚ ਹਨ। ਬੇਸ਼ੱਕ ਜ਼ਿਆਦਾਤਰ ਸਿਆਸੀ ਧਿਰਾਂ ਕਿਸਾਨਾਂ ਦੇ ਹੱਕ ਵਿਚ ਡਟ ਗਈਆਂ ਹਨ ਪਰ ਇਸ ਸੰਘਰਸ਼ ਦੀ ਕਮਾਨ ਕਿਸਾਨ ਜਥੇਬੰਦੀਆਂ ਦੇ ਹੀ ਹੱਥ ਹੈ। ਅਹਿਮ ਗੱਲ ਇਹ ਹੈ ਕਿ ਪੰਜਾਬ ਦੀਆਂ 30 ਤੋਂ ਵੱਧ ਕਿਸਾਨ ਜਥੇਬੰਦੀਆਂ ਸੰਘਰਸ਼ ਲਈ ਇੱਕਜੁੱਟ ਹੋ ਗਈਆਂ ਹਨ। ਇਨ੍ਹਾਂ ਜਥੇਬੰਦੀਆਂ ਵੱਲੋਂ 25 ਸਤੰਬਰ ਦੇ ਪੰਜਾਬ ਬੰਦ ਲਈ ਸਮੁੱਚੇ ਸੂਬੇ ਦੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ 23 ਸਤੰਬਰ ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਦਾ ਐਲਾਨ ਵੀ ਕੀਤਾ ਹੈ। ਸਾਰੀਆਂ ਸਿਆਸੀ ਧਿਰਾਂ ਨੇ ਵੀ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ 25 ਸਤੰਬਰ ਨੂੰ 3 ਘੰਟੇ 'ਚੱਕਾ ਜਾਮ' ਕਰਨ ਦਾ ਐਲਾਨ ਕੀਤਾ ਹੈ।

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦਸਿਆ ਕਿ ਪਟਿਆਲਾ ਤੇ ਲੰਬੀ ਵਿਚ ਪਿਛਲੇ ਅੱਠ ਦਿਨਾਂ ਤੋਂ ਚੱਲ ਰਹੇ ਮੋਰਚੇ ਅੱਜ ਚੁੱਕ ਦਿੱਤੇ ਜਾਣਗੇ ਤਾਂ ਜੋ ਤਿੰਨ ਦਿਨਾਂ ਰੇਲ ਰੋਕੋ ਤੇ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ, ਕੁੱਲ ਕਿਸਾਨ ਸਭਾ ਪੰਜਾਬ, ਜੈ ਕਿਸਾਨ ਅੰਦੋਲਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ), ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਤੇ ਕਿਰਤੀ ਕਿਸਾਨ ਯੂਨੀਅਨਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਨੇ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਕੀਤੀ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ ਬੀਤੇ ਦਿਨ ਰਾਜ ਸਭਾ 'ਚ ਸਿਰਫ ਜ਼ੁਬਾਨੀ ਵੋਟਿੰਗ ਖੇਤੀ ਬਿੱਲ ਪਾਸ ਕਰ ਕੇ ਭਾਰਤ ਦੀ ਜਮਹੂਰੀਅਤ ਦਾ ਘਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਖ਼ਿਲਾਫ਼ ਡਟਣ ਵਾਲੇ ਰਾਜ ਸਭਾ ਮੈਂਬਰਾਂ ਨੂੰ ਬਰਖਾਸਤ ਕਰਨ ਤੋਂ ਸਾਬਤ ਹੁੰਦਾ ਹੈ ਕਿ ਹੋਰ ਰਾਜ ਸਭਾ ਮੈਂਬਰਾਂ ਤੋਂ ਕਿਸੇ ਦਬਾਅ ਹੇਠ ਇਹ ਬਿੱਲ ਧੱਕੇ ਨਾਲ ਪਾਸ ਕਰਵਾਏ ਗਏ ਹਨ। ਕਿਸਾਨ ਲੀਡਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਵੱਕਾਰ ਉਦੋਂ ਤਕ ਹਾਸਲ ਨਹੀਂ ਕਰ ਸਕਦਾ ਜਦੋਂ ਤਕ ਕਿਸਾਨ ਵਿਰੋਧੀ ਭਾਜਪਾ ਹਕੂਮਤੀ ਗੱਠਜੋੜ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਨਾਲੋਂ ਵੱਖ ਨਹੀਂ ਹੁੰਦਾ।