ਖੇਤੀ ਬਿੱਲਾਂ ਦੇ ਹੱਕ 'ਚ ਨਿਤਰੇ ਭਾਜਪਾ ਆਗੂ, ਕਿਸਾਨਾਂ ਵਲੋਂ ਘਿਰਾਓ ਤੇ ਬੰਦੀ ਬਣਾਉਣ ਦੀ ਚਿਤਾਵਨੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਆਗੂਆਂ ਵਲੋਂ ਖੇਤੀ ਬਿੱਲਾਂ ਦਾ ਪ੍ਰਚਾਰ ਕਰਨ ਦਾ ਐਲਾਨ

Kisan Union Protest

ਚੰਡੀਗੜ੍ਹ : ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ। ਜਦਕਿ ਮੋਦੀ ਸਰਕਾਰ ਸਮੇਤ ਭਾਜਪਾ ਆਗੂ ਇਨ੍ਹਾਂ ਬਿੱਲਾਂ ਦੇ ਫ਼ਾਇਦੇ ਗਿਣਾਉਣ 'ਚ ਲੱਗੇ ਹੋਏ ਹਨ। ਹੁਣ ਕੁੱਝ ਭਾਜਪਾ ਆਗੂ ਬਿੱਲਾਂ ਦਾ ਪ੍ਰਚਾਰ ਕਰਨ ਸਬੰਧੀ ਐਲਾਨ ਕਰਨ ਲੱਗੇ ਹਨ ਜਿਸ ਤੋਂ ਕਿਸਾਨ ਹੋਰ ਭੜਕ ਗਏ ਹਨ।

ਖ਼ਬਰਾਂ ਮੁਤਾਬਕ ਜ਼ਿਲ੍ਹਾ ਬਰਨਾਲਾ ਦੇ ਗੈਸਟ ਹਾਊਸ ਵਿਖੇ ਕੁੱਝ ਭਾਜਪਾ ਆਗੂਆਂ ਵਲੋਂ ਪ੍ਰੈੱਸ ਕਾਨਫ਼ਰੰਸ ਕਰਦਿਆਂ  ਖੇਤੀ ਬਿੱਲਾਂ ਦਾ ਪ੍ਰਚਾਰ ਕਰਨ ਦਾ ਐਲਾਨ ਕੀਤਾ ਗਿਆ। ਇਸ ਦੀ ਭਿਣਕ ਪੈਣ 'ਤੇ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨ ਇਕੱਠੇ ਹੋ ਗਏ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਬਰਨਾਲਾ ਦੇ ਰੈਸਟ ਹਾਊਸ ਦੇ ਗੇਟ 'ਤੇ ਭਾਜਪਾ ਆਗੂਆਂ ਦਾ ਘਿਰਾਉ ਕਰ ਕੇ ਵਿਰੋਧ ਕੀਤਾ। ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਸੂਬਾ ਆਗੂ ਦਰਸ਼ਨ ਸਿੰਘ ਨੈਣੇਵਾਲ ਨੇ ਪਿੰਡਾਂ ਵਿਚ ਖੇਤੀ ਬਿੱਲਾਂ ਦੇ ਹੱਕ ਵਿਚ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਮੁਹਿੰਮ ਚਲਾਉਣ ਦਾ ਗੱਲ ਕਹੀ।

ਇਸ ਦਾ ਵਿਰੋਧ ਕਰਦਿਆਂ ਕਿਸਾਨ ਆਗੂ ਜਗਸੀਰ ਸਿੰਘ ਛੀਨੀਵਾਲ ਅਤੇ ਮਹਿੰਦਰ ਸਿੰਘ ਵੜੈਚ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਭਾਜਪਾ ਆਗੂ ਪਿੰਡਾਂ ਵਿਚ ਇਸ ਬਿੱਲ ਦਾ ਸਮਰਥਨ ਕਰਨ ਆਏ ਤਾਂ ਘਿਰਾਉ ਕਰਕੇ ਬੰਦੀ ਬਣਾਇਆ ਜਾਵੇਗਾ। ਇਸ ਮੌਕੇ ਕਿਸਾਨਾਂ ਦੇ ਨਾਲ ਲੋਕ ਇਨਸਾਫ਼ ਪਾਰਟੀ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਮੌਜੂਦ ਸਨ, ਜਿਨ੍ਹਾਂ ਨੇ ਕਿਸਾਨੀ ਸੰਘਰਸ਼ 'ਚ ਹਰ ਤਰ੍ਹਾਂ ਦਾ ਸਾਥ ਦੇਣ ਦੀ ਵਚਨਬੱਧਾ ਪ੍ਰਗਟਾਈ।

ਕਾਬਲੇਗੌਰ ਹੈ ਕਿ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਅੰਦਰ ਕਿਸਾਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਖਿੱਚ ਰਹੇ ਹਨ। ਇਸੇ ਦੌਰਾਨ ਭਾਜਪਾ ਆਗੂਆਂ ਦੀ ਪੰਜਾਬ ਅੰਦਰ ਖੇਤੀ ਬਿੱਲਾਂ ਨੂੰ ਲੈ ਕੇ ਸਰਗਰਮੀ ਟਕਰਾਓ ਦਾ ਕਾਰਨ ਬਣ ਸਕਦੀ ਹੈ। ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਅਜਿਹੇ ਹੱਥਕੰਡੇ ਅਪਨਾਉਣ ਤੋਂ ਖ਼ਬਰਦਾਰ ਕਰਦਿਆਂ ਪਿੰਡਾਂ 'ਚ ਆਉਣ ਦੀ ਸੂਰਤ 'ਚ ਘਿਰਾਓ ਕਰਨ ਦੇ ਨਾਲ ਨਾਲ ਬੰਦੀ ਬਣਾਉਣ ਦੀ ਚਿਤਾਵਨੀ ਦਿਤੀ ਹੈ।