ਸਿੱਧੂ ਬਾਰੇ ਪਤਨੀ ਨਵਜੋਤ ਕੌਰ ਦਾ ਵੱਡਾ ਬਿਆਨ

ਏਜੰਸੀ

ਖ਼ਬਰਾਂ, ਪੰਜਾਬ

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸਾਫ ਕਿਹਾ ਹੈ ਕਿ ਉਹ ਕਾਂਗਰਸ ਛੱਡ ਚੁੱਕੇ ਹਨ ਅਤੇ ਹੁਣ...

navjot kaur sidhu

ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸਾਫ ਕਿਹਾ ਹੈ ਕਿ ਉਹ ਕਾਂਗਰਸ ਛੱਡ ਚੁੱਕੇ ਹਨ ਅਤੇ ਹੁਣ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ। ਨਵਜੋਤ ਸਿੰਘ ਸਿੱਧੂ ਦੀ ਪੰਜਾਬ ਵਜ਼ਾਰਤ 'ਚੋਂ ਛੁੱਟੀ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਈ ਬੀਬਾ ਨਵਜੋਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਹੁਣ ਸਿਰਫ ਸਮਾਜ ਸੇਵੀ ਹਨ। ਮੈਡਮ ਸਿੱਧੂ ਹਲਕਾ ਵੇਰਕਾ ਵਿਖੇ ਇਕ ਟਿਊਬਵੈੱਲ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ। ਮੈਡਮ ਸਿੱਧੂ ਨੇ ਕਿਹਾ ਕਿ ਉਹ ਹੁਣ ਸਿਰਫ ਤੇ ਸਿਰਫ ਸੋਸ਼ਲ ਵਰਕਰ ਹਨ ਅਤੇ ਸਮਾਜ ਸੇਵੀ ਹੋਣ ਦੇ ਨਾਤੇ ਪੰਜਾਬ ਲਈ ਲੜਾਈ ਜਾਰੀ ਰੱਖਣਗੇ। 

ਸਵਾਲਾਂ ਦਾ ਜਵਾਬ ਦਿੰਦਿਆਂ ਬੀਬੀ ਸਿੱਧੂ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਮੁੱਖ ਟੀਚਾ ਅੰਮ੍ਰਿਤਸਰ ਪੂਰਬੀ ਹਲਕੇ ਦਾ ਵਿਕਾਸ ਕਰਨਾ ਹੈ ਅਤੇ ਉਹ ਆਪਣੇ ਹਲਕੇ ਦੀ ਇਕ-ਇਕ ਸੜਕ ਬਣਵਾਉਣਗੇ, ਜਿਸ ਲਈ ਸਿੱਧੂ ਵਲੋਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਮੈਡਮ ਸਿੱਧੂ ਨੇ ਕਿਹਾ ਕਿ ਹੁਣ ਉਹ ਸਿਰਫ ਲੋਕਾਂ ਦੇ ਜਵਾਬਦੇਹ ਹਨ ਅਤੇ ਜੇਕਰ ਉਨ੍ਹਾਂ ਨੂੰ ਹਲਕੇ ਦੇ ਵਿਕਾਸ ਲਈ ਪੈਸਾ ਨਾ ਦਿੱਤਾ ਗਿਆ ਤਾਂ ਉਹ ਸਰਕਾਰ ਖਿਲਾਫ ਧਰਨਾ ਵੀ ਲਗਾਉਣਗੇ। ਨਵਜੋਤ ਸਿੱਧੂ ਦੀ ਪੰਜਾਬ ਕੈਬਨਿਟ 'ਚੋਂ ਛੁੱਟੀ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਸੱਚ ਬੋਲਣ ਵਾਲਾ ਬੰਦਾ ਅਤੇ ਸੱਚ ਹੀ ਬੋਲੇਗਾ ਪਰ ਕੁਝ ਮੰਤਰੀਆਂ ਨੇ ਮੁੱਖ ਮੰਤਰੀ ਬਹੁਤ ਜ਼ਿਆਦਾ ਕੰਨ ਭਰੇ ਸਨ, ਜਿਸ 'ਤੇ ਮੁੱਖ ਮੰਤਰੀ ਨੇ ਵਿਸ਼ਵਾਸ਼ ਵੀ ਕਰ ਲਿਆ। 

ਪੰਜਾਬ 'ਚ ਆਏ ਹੜ੍ਹਾਂ ਅਤੇ ਬਟਾਲਾ ਪਟਾਕਾ ਫੈਕਟਰੀ ਧਮਾਕੇ 'ਤੇ ਨਵਜੋਤ ਸਿੰਘ ਸਿੱਧੂ ਵਲੋਂ ਵੱਟੀ ਚੁੱਪ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੈਡਮ ਸਿੱਧੂ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਸਰਕਾਰ ਵਿਚ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਲਿਹਾਜ਼ਾ ਜੇਕਰ ਉਹ ਸਰਕਾਰ ਕੋਲ ਕੋਈ ਮੰਗ ਕਰਦੇ ਵੀ ਤਾਂ ਵੀ ਉਹ ਨਹੀਂ ਮੰਨੀ ਜਾਂਦੀ, ਲਿਹਾਜ਼ਾ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਗੁਰੇਜ਼ ਹੀ ਕੀਤਾ। 

ਕਰਤਾਰਪੁਰ ਕੋਰੀਡੋਰ 'ਤੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਮਿਹਰ ਸਦਕਾ ਹੀ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਜਾ ਰਿਹਾ ਹੈ। ਅੱਜ ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸ ਹੋਈ ਕਬੂਲ ਹੋਣ ਜਾ ਰਹੀ ਹੈ। ਮੈਡਮ ਸਿੱਧੂ ਨੇ ਆਖਿਆ ਕਿ ਨਵਜੋਤ ਸਿੱਧੂ ਦੋਸਤ ਦੇ ਨਾਤੇ ਪਾਕਿਸਤਾਨ ਗਏ ਸਨ ਅਤੇ ਜਿੱਥੇ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਠੀਕ ਕਰਨ ਲਈ ਕੋਰੀਡੋਰ ਖੋਲ੍ਹਣ ਦੀ ਸਲਾਹ ਦਿੱਤੀ ਸੀ, ਜਿਹੜੀ ਹੁਣ ਪੂਰੀ ਹੋਣ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।