ਪਿੰਡ 'ਚ ਚੀਤਾ ਪਹੁੰਚਣ ਨਾਲ ਹੋ ਗਿਆ ਹੰਗਾਮਾ, ਵਣ-ਵਿਭਾਗ ਦੀ ਟੀਮ ਨੇ ਬੇਹੋਸ਼ ਕਰਕੇ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਿਲੌਰ ਦੇ ਵਣ ਖੇਤਰ ਅਧਿਕਾਰੀ ਜਸਵੰਤ ਸਿੰਘ ਦੀ ਮਦਦ ਲਈ ਗਈ ਅਤੇ ਉਹ ਤੁਰੰਤ ਬੇਹੋਸ਼ੀ ਦੇ ਟੀਕੇ ਵਾਲੀ ਬੰਦੂਕ ਲੈ ਕੇ ਮੌਕੇ 'ਤੇ ਪਹੁੰਚੇ।

A leopard entered Villahe at Hoshiarpur, the forest team caught it

 

ਹੁਸ਼ਿਆਰਪੁਰ - ਇਸ ਜ਼ਿਲ੍ਹੇ ਦੇ ਪਿੰਡ ਬੱਸੀ ਉਮਰ ਖਾਂ ਵਿੱਚ ਆਇਆ ਇੱਕ ਚੀਤਾ ਕੰਡਿਆਲੀ ਤਾਰ ਵਿੱਚ ਫ਼ਸ ਗਿਆ, ਜਿਸ ਨੂੰ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੀ ਟੀਮ ਨੇ ਸੁਰੱਖਿਅਤ ਬਾਹਰ ਕੱਢਿਆ। ਡਵੀਜ਼ਨਲ ਫ਼ੌਰੈਸਟ ਅਫ਼ਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ 22 ਅਕਤੂਬਰ ਸਵੇਰੇ ਉਨ੍ਹਾਂ ਨੂੰ ਚੀਤੇ ਦੇ ਫ਼ਸੇ ਹੋਣ ਦੀ ਸੂਚਨਾ ਮਿਲੀ ਸੀ। ਚੀਤੇ ਨੂੰ ਬਚਾਉਣ ਲਈ ਵਿਭਾਗ ਨੇ ਪਿੰਡ 'ਚ ਚਾਰ ਟੀਮਾਂ ਭੇਜੀਆਂ।

ਫ਼ਿਲੌਰ ਦੇ ਵਣ ਖੇਤਰ ਅਧਿਕਾਰੀ ਜਸਵੰਤ ਸਿੰਘ ਦੀ ਮਦਦ ਲਈ ਗਈ ਅਤੇ ਉਹ ਤੁਰੰਤ ਬੇਹੋਸ਼ੀ ਦੇ ਟੀਕੇ ਵਾਲੀ ਬੰਦੂਕ ਲੈ ਕੇ ਮੌਕੇ 'ਤੇ ਪਹੁੰਚੇ। ਉਸ ਨੇ ਚੀਤੇ 'ਤੇ ਟੀਕੇ ਦੀਆਂ ਦੋ ਗੋਲ਼ੀਆਂ ਚਲਾਈਆਂ। ਚੀਤੇ ਦੇ ਬੇਹੋਸ਼ ਹੋਣ ਤੋਂ ਬਾਅਦ ਜੰਗਲੀ ਜੀਵ ਅਧਿਕਾਰੀਆਂ ਨੇ ਇਸ ਨੂੰ ਕੰਡਿਆਲੀ ਤਾਰ ਤੋਂ ਬਾਹਰ ਕੱਢਿਆ ਅਤੇ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ।

ਫ਼ੌਰੈਸਟ ਅਫ਼ਸਰ ਨੇ ਦੱਸਿਆ ਕਿ ਚੀਤੇ ਦੀ ਹਾਲਤ ਦੇਖ ਕੇ ਪਤਾ ਲੱਗਿਆ ਕਿ ਇਸ ਦੇ ਚਿਹਰੇ 'ਤੇ ਪੁਰਾਣੇ ਜ਼ਖ਼ਮਾਂ ਦੇ ਨਿਸ਼ਾਨ ਹਨ, ਅਤੇ ਇੱਕ ਪੁਰਾਣੀ ਸੱਟ ਕਾਰਨ ਇਸ ਦੀ ਇੱਕ ਅੱਖ ਵੀ ਕਾਫ਼ੀ ਖ਼ਰਾਬ ਹੋਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਚੀਤਾ ਭੋਜਨ ਦੀ ਭਾਲ਼ ਵਿੱਚ ਪਿੰਡ ਆਇਆ ਹੋਵੇਗਾ ਅਤੇ ਕੰਡਿਆਲੀ ਤਾਰ ਵਿੱਚ ਫ਼ਸ ਗਿਆ ਹੋਵੇਗਾ। ਫ਼ੌਰੈਸਟ ਅਫ਼ਸਰ ਨੇ ਜਾਣਕਾਰੀ ਦਿੱਤੀ ਕਿ ਪਸ਼ੂਆਂ ਦੇ ਡਾਕਟਰ ਵੱਲੋਂ ਚੀਤੇ ਦੀ ਜਾਂਚ ਕੀਤੀ ਗਈ ਹੈ, ਅਤੇ ਤੰਦਰੁਸਤ ਹੋਣ 'ਤੇ ਉਸ ਨੂੰ ਜੰਗਲ ਵਿੱਚ ਛੱਡ ਦਿੱਤਾ ਜਾਵੇਗਾ। ਦੱਸਿਆ ਗਿਆ ਹੈ ਕਿ ਚੀਤੇ ਨੂੰ ਸ਼ਨੀਵਾਰ ਸ਼ਾਮ ਨੂੰ ਜੰਗਲਾਂ ਵਿੱਚ ਸੁਰੱਖਿਅਤ ਛੱਡ ਦਿੱਤਾ ਜਾਵੇਗਾ।