ਮੁਹਾਲੀ ਦੇ ਸਰਕਾਰੀ ਸਕੂਲ ’ਚ ਵਿਦਿਆਰਥੀ ਕਰ ਰਹੇ ਸਫਾਈ, ਡੀਈਓ ਨੇ ਮਾਪਿਆਂ ਦੇ ਇਲਜ਼ਾਮਾਂ ਨੂੰ ਨਕਾਰਿਆ

ਏਜੰਸੀ

ਖ਼ਬਰਾਂ, ਪੰਜਾਬ

ਮਾਪਿਆਂ ਦਾ ਕਹਿਣਾ ਹੈ ਕਿ ਅਧਿਆਪਕਾਂ ਨੇ ਬੱਚਿਆਂ ਨੂੰ ਡਰਾ-ਧਮਕਾ ਕੇ ਉਹਨਾਂ ਕੋਲੋਂ ਜ਼ਬਰਦਸਤੀ ਸਕੂਲ ਦੀ ਸਫਾਈ ਕਰਵਾਈ ਹੈ।

Students are cleaning in a government school in Mohali

 

ਮੁਹਾਲੀ: ਫੇਜ਼-2 ਦੇ ਸਰਕਾਰੀ ਮਿਡਲ ਸਕੂਲ ਵਿਚ ਕੁਝ ਵਿਦਿਆਰਥੀ ਵਰਦੀ ਵਿਚ ਝਾੜੂ-ਪੋਚਾ ਲਗਾਉਂਦੇ ਦਿਖਾਈ ਦਿੱਤੇ। ਇਸ ਦੇ ਚਲਦਿਆਂ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੇ ਬਾਹਰ ਰੋਸ ਵੀ ਪ੍ਰਗਟਾਇਆ। ਮਾਪਿਆਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਦੇ ਹਾਂ ਨਾ ਕਿ ਸਾਫ-ਸਫਾਈ ਕਰਨ ਲਈ। ਮਾਪਿਆਂ ਦਾ ਕਹਿਣਾ ਹੈ ਕਿ ਅਧਿਆਪਕਾਂ ਨੇ ਬੱਚਿਆਂ ਨੂੰ ਡਰਾ-ਧਮਕਾ ਕੇ ਉਹਨਾਂ ਕੋਲੋਂ ਜ਼ਬਰਦਸਤੀ ਸਕੂਲ ਦੀ ਸਫਾਈ ਕਰਵਾਈ ਹੈ।

ਇਹਨਾਂ ਬੱਚਿਆਂ ਦੀਆਂ ਸਫਾਈ ਕਰਦਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਦੋਂ ਸਕੂਲ ਵਿਚ ਜਾ ਕੇ ਇਹਨਾਂ ਬੱਚਿਆਂ ਦੀਆਂ ਤਸਵੀਰਾਂ ਖਿੱਚੀਆਂ ਗਈਆਂ ਤਾਂ ਮੌਕੇ ’ਤੇ ਇਕ ਮਹਿਲਾ ਅਧਿਆਪਕ ਨੇ ਬਹਿਸ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਬੱਚਿਆਂ ਨੂੰ ਕਿਸੇ ਨੇ ਸਫਾਈ ਕਰਨ ਲਈ ਨਹੀਂ ਕਿਹਾ ਸਗੋਂ ਉਹ ਖੁਦ ਆਪਣੀ ਮਰਜ਼ੀ ਨਾਲ ਸਫਾਈ ਕਰ ਰਹੇ ਹਨ। ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀ ਸਕੂਲੀ ਵਰਦੀ ਵਿਚ ਪੌੜੀਆਂ ਦੀ ਸਫਾਈ ਕਰ ਰਹੇ ਹਨ।

ਇਸ ਸਬੰਧੀ ਗੱਲ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਨੇ ਕਿਹਾ ਕਿ ਅੱਜ ਕੱਲ੍ਹ ਸਾਰੇ ਸਕੂਲਾਂ ਵਿਚ ਖੇਡਾਂ ਚੱਲ ਰਹੀਆਂ ਹਨ। ਅਜਿਹੇ ਵਿਚ ਬੱਚੇ ਖੁਦ ਹੀ ਗ੍ਰਾਊਂਡ ਦੀ ਸਫਾਈ ਕਰਨ ਵਿਚ ਜੁਟ ਜਾਂਦੇ ਹਨ। ਇਸ ਤੋਂ ਇਲਾਵਾ ਬੱਚਿਆਂ ਨੂੰ ਕੋਈ ਵੀ ਅਧਿਆਪਕ ਜ਼ਬਰਦਸਤੀ ਸਫਾਈ ਲਈ ਨਹੀਂ ਕਹਿੰਦਾ ਹੈ। ਉਹਨਾਂ ਕਿਹਾ ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਪੂਰੀ ਜਾਂਚ ਕਰਵਾਈ ਜਾਵੇਗੀ।