ਪੰਜਾਬ ਫੂਡ ਕਮਿਸ਼ਨ, ਨੈਸ਼ਨਲ ਫੂਡ ਸੇਫਟੀ ਐਕਟ ਦੇ ਲਾਗੂਕਰਨ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ: ਡੀ.ਪੀ. ਰੈਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੈਸ਼ਨਲ ਫੂਡ ਸੇਫਟੀ ਐਕਟ (ਐਨ.ਐਫ.ਐਸ.ਏ), 2013 ਨੂੰ ਲਾਗੂ ਕਰਨ ਸਬੰਧੀ ਸਹਿਯੋਗੀ ਵਿਭਾਗਾਂ ਨਾਲ ਮੀਟਿੰਗਾਂ ਨੂੰ ਜਾਰੀ...

Dp Reddy

ਚੰਡੀਗੜ ( ਸ.ਸ.ਸ) : ਨੈਸ਼ਨਲ ਫੂਡ ਸੇਫਟੀ ਐਕਟ (ਐਨ.ਐਫ.ਐਸ.ਏ), 2013 ਨੂੰ ਲਾਗੂ ਕਰਨ ਸਬੰਧੀ ਸਹਿਯੋਗੀ ਵਿਭਾਗਾਂ ਨਾਲ ਮੀਟਿੰਗਾਂ ਨੂੰ ਜਾਰੀ  ਰੱਖਦਿਆਂ ਪੰਜਾਬ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ੍ਰੀ ਡੀ.ਪੀ. ਰੈਡੀ ਨੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਨਾਲ ਅਨਾਜ ਭਵਨ, ਚੰਡੀਗੜ ਵਿਖੇ ਮੀਟਿੰਗ ਕੀਤੀ। ਕਮਿਸ਼ਨ ਦੇ ਉਦੇਸ਼ ਨੂੰ ਜ਼ਾਹਿਰ ਕਰਦਿਆਂ ਸ੍ਰੀ ਰੈਡੀ ਨੇ ਕਿਹਾ ਕਿ ਐਨ.ਐਫ.ਐਸ.ਏ ਦੇ ਲਾਗੂਕਰਨ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਕਮਿਸ਼ਨ ਦਾ ਮੁੱਖ ਮੰਤਵ ਹੈ। ਉਹਨਾਂ ਕਿਹਾ ਕਿ ਸਾਡਾ ਉਦੇਸ਼ ਸਾਰੀਆਂ ਗਤੀਵਿਧੀਆਂ ਨੂੰ ਤੇਜ਼ ਕਰਨਾ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਨੂੰ ਤਰਜ਼ੀਹ ਦੇਣਾ ਹੈ।

ਸ਼ਿਕਾਇਤਾਂ ਦੇ ਨਿਵਾਰਨ ਸਬੰਧੀ ਮੁੱਦੇ 'ਤੇ ਗੰਭੀਰਤਾ ਪ੍ਰਗਟ ਕਰਦਿਆਂ ਸ੍ਰੀ ਰੈਡੀ ਨੇ ਕਿਹਾ ਕਿ ਕਮਿਸ਼ਨ ਐਨ.ਐਫ.ਐਸ.ਏ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਏ.ਡੀ.ਸੀ/ਏ.ਡੀ.ਸੀ(ਡੀ) ਨੂੰ ਜ਼ਿਲਾ ਸ਼ਿਕਾਇਤ ਨਿਵਾਰਨ ਅਫਸਰਾਂ ਵਜੋਂ ਨਿਯੁਕਤ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਸਟੇਟ ਫੂਡ ਕਮਿਸ਼ਨ ਹੋਰਨਾਂ ਸਹਿਯੋਗੀ ਵਿਭਾਗਾਂ ਜਿਹਨਾਂ ਵਿਚ ਸਮਾਜਿਕ ਸੁਰੱਖਿਆ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਨਾਲ ਨਾਲ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਸ਼ਾਮਿਲ ਹਨ, ਨੂੰ ਜਾਗਰੂਕ ਕਰਨ, ਉਹਨਾਂ ਦਾ ਮਾਰਗ ਦਰਸ਼ਨ ਕਰਨ ਅਤੇ ਐਨ.ਐਫ.ਐਸ.ਏ ਦੇ ਅਧੀਨ ਸਕੀਮਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਵਿਚ ਮਦਦ ਕਰਨ ਲਈ ਸੁਹਿਰਦ ਯਤਨ ਕਰੇਗਾ।

ਇਸ ਤੋਂ ਪਹਿਲਾਂ ਖ਼ੁਰਾਕ ਸਿਵਲ ਸਪਲਾਈ  ਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਕਮਿਸ਼ਨ ਨੂੰ ਸੂਬੇ ਵਿੱਚ ਐਨ.ਐਫ.ਐਸ.ਏ,2013 ਨੂੰ ਲਾਗੂ ਕਰਨ ਅਤੇ ਟਾਰਗੈਟਡ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ(ਟੀਡੀਪੀਐਸ) ਦੇ ਕਾਰਜਾਂ ਦੇ ਕੰਪਿਊਟ੍ਰੀਕਰਨ ਕਰਨ ਬਾਰੇ ਜਾਣੂ ਕਰਵਾਇਆ। ਸ੍ਰੀਮਤੀ ਮਿੱਤਰਾ ਨੇ ਐਨ.ਐਫ.ਐਸ.ਏ, 2013 ਤਹਿਤ ਪ੍ਰਾਪਤ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਵੀ ਵਿਚਾਰ ਚਰਚਾ ਕੀਤੀ। ਇਸ ਮੀਟਿੰਗ ਵਿੱਚ ਸ੍ਰੀ ਕੇਏਪੀ ਸਿਨਹਾ, ਪ੍ਰਮੁੱਖ ਸਕੱਤਰ , ਖ਼ੁਰਾਕ ਸਿਵਲ ਸਪਲਾਈ ਤੋਂ ਇਲਾਵਾ ਸ੍ਰੀ ਪੀਐਸ ਸ਼ੇਰਗਿੱਲ, ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ, ਸ੍ਰੀ ਜਸਵਿੰਦਰ ਕੁਮਾਰ , ਸ੍ਰੀਮਤੀ ਕਿਰਨਦੀਪ ਕੌਰ (ਸਾਰੇ ਕਮਿਸ਼ਨ ਦੇ ਮੈਂਬਰ) ਅਤੇ ਫੂਡ ਕਮਿਸ਼ਨ ਦੇ ਮੈਂਬਰ ਸਕੱਤਰ ਸ੍ਰੀ ਅਮਨਦੀਪ ਬਾਂਸਲ ਵੀ ਮੌਜੂਦ ਸਨ।