ਦਿੱਲੀ ਕੂਚ ਦੇ ਪ੍ਰਬੰਧ ਮੁਕੰਮਲ, ਰਾਸ਼ਨ ਤੇ ਫ਼ੰਡ ਇਕੱਠਾ ਕਰਨ ਦੀ ਮੁਹਿੰਮ ਨੂੁੰ ਮਿਲਿਆ ਭਰਵਾਂ ਹੁੰਗਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨਾਂ ਦੀ ਵਾਪਸੀ ਤਕ ਦਿੱਲੀ ਤੋਂ ਵਾਪਸ ਨਾ ਮੁੜਣ ਦਾ ਅਹਿਦ

farmers' organizations

ਚੰਡੀਗੜ੍ਹ : ਪਿਛਲੇ ਦੋ ਮਹੀਨੇ ਤੋਂ ਲਗਾਤਾਰ ਜਾਰੀ ਕਿਸਾਨੀ ਸੰਘਰਸ਼ ਦਿੱਲੀ ਕੂਚ ਦੇ ਪ੍ਰੋਗਰਾਮ ਬਾਅਦ ਅਪਣੀ ਚਰਮ ਸੀਮਾਂ ’ਤੇ ਪਹੁੰਚ ਗਿਆ ਹੈ। ਕਿਸਾਨ ਜਥੇਬੰਦੀਆਂ ਦੇ ਦਿੱਲੀ ਵੱਲ ਕੂਚ ਪ੍ਰੋਗਰਾਮ ਨੂੰ ਕਿਸਾਨਾਂ ਸਮੇਤ ਸਮੂਹ ਲੋਕਾਈ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਦਿੱਲੀ ਜਾਣ ਲਈ ਚਾਰ ਮਹੀਨੇ ਦਾ ਰਾਸ਼ਨ ਨਾਲ ਲੈ ਕੇ ਚੱਲਣ ਦੇ ਐਲਾਨ ਤੋਂ ਬਾਅਦ ਵੱਡੀ ਮਾਤਰਾ ’ਚ ਰਸਦ ਤੇ ਫ਼ੰਡ ਇਕੱਠਾ ਹੋਣ ਲੱਗਾ ਹੈ। ਜਥੇਬੰਦੀਆਂ ਵਲੋਂ ਵਿੱਢੀ ਰਸਦ ਅਤੇ ਫ਼ੰਡ ਇਕੱਠਾ ਕਰਨ ਦੀ ਮੁਹਿੰਮ ’ਚ ਲੋਕ ਦਿਲ ਖੋਲ੍ਹ ਕੇ ਦਾਨ ਕਰ ਰਹੇ ਹਨ। 

ਕਿਸਾਨ ਆਗੂਆਂ ਮੁਤਾਬਕ ਉਨ੍ਹਾਂ ਕੋਲ 4 ਤੋਂ 5 ਮਹੀਨੇ ਦਾ ਰਾਸ਼ਨ ਇਕੱਠਾ ਹੋ ਚੱਕਿਆ ਹੈ। ਰਾਸ਼ਨ ਅਤੇ ਫ਼ੰਡ ਇਕੱਠਾ ਕਰਨ ਦੇ ਨਾਲ-ਨਾਲ ਲੋਕਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਅਤੇ ਨਸੀਬ ਕੌਰ ਆਦਿ ਮੁਤਾਬਕ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪੰਜਾਬ ਦੇ ਕਿਸਾਨ ਪਹਿਲੇ ਹੀ ਦਿਨ ਤੋਂ ਸੰਘਰਸ਼ ਕਰ ਰਹੇ ਹਨ। 

ਹੁਣ ਕਿਸਾਨ ਪਰਿਵਾਰਾਂ ਦਾ ਬੱਚਾ ਬੱਚਾ ਸੰਘਰਸ਼ੀ ਰੰਗ ਵਿਚ ਰੰਗਿਆ ਗਿਆ ਹੈ। ਦੋ ਮਹੀਨੇ ਬੀਤਣ ਬਾਅਦ ਵੀ ਸੰਘਰਸ਼ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਅਤੇ ਜੋਸ਼ ਮੱਠਾ ਨਹੀਂ ਪਿਆ ਸਗੋਂ ਹੋਰ ਵਧਿਆ ਹੈ। ਕਿਸਾਨ ਜਥੇਬੰਦੀਆਂ ਵਲੋਂ 26 ਤੇ 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੇ ਵਿੱਢੇ ਪ੍ਰੋਗਰਾਮ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ।

ਕਿਸਾਨ ਆਗੂਆਂ ਮੁਤਾਬਕ ਪਿੰਡਾਂ ਵਿਚੋਂ ਰਾਸ਼ਨ ਅਤੇ ਫ਼ੰਡ ਲਈ ਲੋਕ ਭਰਵਾਂ ਸਾਥ ਦੇ ਰਹੇ ਹਨ। ਹਰ ਪਰਿਵਾਰ ਆਪਣੀ ਹੈਸੀਅਤ ਅਨੁਸਾਰ ਸੰਘਰਸ਼ ’ਚ ਬਣਦਾ ਯੋਗਦਾਨ ਪਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਰੋਕਣ ਲਈ ਜਿੰਨੇ ਮਰਜ਼ੀ ਬੈਰੀਗੇਟ ਲਗਾ ਲਵੇ, ਉਹ ਹਰ ਹਾਲ ਦਿੱਲੀ ਪਹੁੰਚ ਕੇ ਹੀ ਦਮ ਲੈਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਿੰਨੀ ਦੇਰ ਤਕ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਹ ਦਿੱਲੀ ਤੋਂ ਵਾਪਸ ਨਹੀਂ ਮੁੜਨਗੇ।    

ਦੂਜੇ ਪਾਸੇ ਕੋਰੋਨਾ ਕੇਸਾਂ ਦੇ ਵਧਣ ਦੇ ਮੱਦੇਨਜ਼ਰ ਸਰਕਾਰਾਂ ਵਲੋਂ ਕਰੋਨਾ ਸਬੰਧੀ ਹਦਾਇਤਾਂ ਦੀਆਂ ਪਾਲਣਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਮੁਤਾਬਕ ਉਹ ਕਰੋਨਾ ਦੇ ਖ਼ਤਰੇ ਨੂੰ ਲੈ ਕੇ ਸੁਚੇਤ ਹਨ, ਪਰ ਖੇਤੀ ਕਾਨੂੰਨਾਂ ਨੂੰ ਕਿਸਾਨ ਕਰੋਨਾ ਤੋਂ ਵਧੇਰੇ ਮਾਰੂ ਸਮਝਦੇ ਹਨ। ਇਸ ਲਈ ਸਰਕਾਰ ਨੰੂ ਲੋਕਾਂ ਦੇ ਜਾਨ-ਮਾਲ ਦੀ ਫ਼ਿਕਰ ਕਰਦਿਆਂ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈ ਕੇ ਕਿਸਾਨੀ ਸੰਘਰਸ਼ ਨੂੰ ਸਮਾਪਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।    

https://fb.watch/1W70uaUYxe/