ਕਰੋਨਾ ਦੇ ਛਾਏ ਹੇਠ ਕਿਸਾਨੀ ਸੰਘਰਸ਼: ਕਿਸਾਨ ਆਗੂ ਦੀ ਕਿਸਾਨਾਂ ਨੂੰ ਦਿੱਲੀ ਨਾ ਜਾਣ ਦੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਦੇ ਵਧਦੇ ਕੇਸਾਂ ਕਾਰਨ ਦਿੱਲੀ 'ਚ ਰਹਿਣ-ਸਹਿਣ ਵਿਚ ਆ ਸਕਦੀ ਹੈ ਮੁਸ਼ਕਲ

V.M. Singh

ਚੰਡੀਗੜ੍ਹ : ਅਪਣੀ ਚਰਸ ਸੀਮਾ ’ਤੇ ਪਹੁੰਚ ਚੁੱਕਿਆ ਕਿਸਾਨੀ ਸੰਘਰਸ਼ ਕਰੋਨਾ ਦੇ ਛਾਏ ਹੇਠ ਆਉਣ ਲੱਗਾ ਹੈ। ਕਰੋਨਾ ਦੇ ਵਧਦੇ ਕੇਸਾਂ ਕਾਰਨ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਮੁੜ ਸਖ਼ਤੀ ਦੀਆਂ ਤਿਆਰੀਆਂ ਖਿੱਚੀਆਂ ਜਾ ਰਹੀਆਂ ਹਨ। ਇਸੇ ਤਹਿਤ ਕੇਂਦਰੀ ਟੀਮਾਂ ਦੇ ਪੰਜਾਬ ਸਮੇਤ ਕਈ ਸੂਬਿਆਂ ’ਚ ਨਿਗਰਾਨੀ ਲਈ ਆਉਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। 

ਇਸੇ ਦੌਰਾਨ ਕੁੱਲ ਹਿੰਦ ਕਿਸਾਨ ਸੰਘਰਸ ਤਾਲਮੇਲ ਕਮੇਟੀ ਦੇ ਕਨਵੀਨਰ ਵੀ.ਐਮ ਸਿੰਘ ਨੇ ਫੇਸਬੂਕ ਤੇ ਲਾਇਵ ਹੋ ਕੇ ਕਿਸਾਨਾਂ ਨੂੰ 26-27 ਨਵੰਬਰ ਨੂੰ ਦਿੱਲੀ ਨਾ ਆਉਣ ਦੀ ਸਲਾਹ ਦਿਤੀ ਹੈ। ਵੀ. ਐਮ ਸਿੰਘ ਮੁਤਾਬਕ ਦਿੱਲੀ ਵਿਖੇ ਕਰੋਨਾ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਅਜਿਹੇ ’ਚ ਕਿਸਾਨਾਂ ਨੂੰ ਦਿੱਲੀ ਵਿਖੇ ਰਹਿਣ-ਸਹਿਣ ’ਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਾਬਲੇਗੌਰ ਹੈ ਕਿ ਕਨਵੀਨਰ ਵੀ. ਐਮ ਸਿੰਘ ਖੁਦ ਕੋਰੋਨਾਵਾਇਰਸ ਤੋਂ ਪੀੜਤ ਹਨ, ਜਿਸ ਕਾਰਨ ਉਨ੍ਹਾਂ ਨੇ ਖੁਦ ਨੂੰ  ਅੰਦੋਲਨ ਤੋਂ ਬਾਹਰ ਕਰ ਲਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਿੰਡਾਂ ਵਿਚ ਹੀ ਰਹਿਣ ਅਤੇ ਭੁੱਖ ਹੜਤਾਲ ’ਤੇ ਬੈਠ ਜਾਣ। ਦਿੱਲੀ ਵਿਚ ਪ੍ਰਦਰਸ਼ਨ ਕਰਨ ਲਈ ਕਿਸਾਨਾਂ ਨੂੰ ਇਜ਼ਾਜਤ ਨਹੀਂ ਮਿਲੀ, ਜਿਸ ਕਾਰਨ ਕੋਈ ਇੰਤਜਾਮ ਵੀ ਨਹੀਂ ਹੋ ਸਕਿਆ ਹੈ। 

ਦੂਜੇ ਪਾਸੇ ਕਿਸਾਨ ਜਥੇਬੰਦੀਆਂ ਅਪਣੇ ਫ਼ੈਸਲੇ ’ਤੇ ਅਡਿੱਗ ਹਨ। ਕਿਸਾਨ ਆਗੂਆਂ ਮੁਤਾਬਕ ਕੇਂਦਰ ਵਲੋਂ ਬਣਾਏ ਗਏ ਖੇਤੀ ਕਾਨੂੰਨ ਕਿਸਾਨਾਂ ਲਈ ਕਰੋਨਾ ਤੋਂ ਵਧੇਰੇ ਮਾਰੂ ਹਨ, ਇਸ ਲਈ ਉਹ ਵੱਡੀਆਂ ਔਕੜਾਂ ਹੋਣ ਦੇ ਬਾਵਜੂਦ ਦਿੱਲੀ ਵੱਲ ਕੂਚ ਜ਼ਰੂਰ ਕਰਨਗੇ। ਕਿਸਾਨ ਜਥੇਬੰਦੀਆਂ ਨੇ ਬੀਤੇ ਕੱਲ੍ਹ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਭਾਵੇਂ ਸਾਰੀਆਂ ਰੇਲ ਗੱਡੀਆਂ ਨੂੰ ਲਾਂਘਾ ਦੇਣਾ ਮੰਨ ਲਿਆ ਹੈ, ਪਰ ਦਿੱਲੀ ਵੱਲ ਕੂਚ ਪ੍ਰੋਗਰਾਮ ਨੂੰ ਹਰ ਹਾਲ ਸਿਰੇ ਚਾੜ੍ਹਣ ਦਾ ਅਹਿਦ ਦੁਹਰਾਇਆ ਸੀ। 

ਕਿਸਾਨ ਜਥੇਬੰਦੀਆਂ ਮੁਤਾਬਕ ਜੇਕਰ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਤਾਂ ਉਹ ਜਿੱਥੇ ਰੋਕਿਆ ਜਾਵੇਗਾ, ਉਥੇ ਹੀ ਧਰਨੇ ’ਤੇ ਬੈਠ ਜਾਣਗੇ। ਕਿਸਾਨ ਜਥੇਬੰਦੀਆਂ ਨੇ ਟਰਾਲੀਆਂ ’ਤੇ ਚਾਰ ਮਹੀਨੇ ਦੇ ਰਾਸ਼ਨ ਨਾਲ ਲੈ ਕੇ ਜਾਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਕਿਸਾਨਾਂ ਦੇ ਸੰਘਰਸ਼ ਦੇ ਦਿੱਲੀ ਵੱਲ ਸੇਧਿਤ ਹੋਣ ਦੇ ਅੰਦਾਜ਼ੇ ਲੱਗਣ ਲੱਗੇ ਸਨ। ਦਿੱਲੀ ਕੂਚ ਲਈ ਕਿਸਾਨਾਂ ’ਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। 

ਇਸੇ ਦੌਰਾਨ ਸ਼ੋਸ਼ਲ ਮੀਡੀਆ ਸਮੇਤ ਦੂਜੇ ਪ੍ਰਚਾਰ ਸਾਧਨਾਂ ਜ਼ਰੀਏ ਕਰੋਨਾ ਨੂੰ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੈ। ਲੋਕ ਬਿਹਾਰ ਚੋਣਾਂ ਮੌਕੇ ਹੋਈਆਂ ਵੱਡੀਆਂ ਵੱਡੀਆਂ ਰੈਲੀਆਂ ’ਤੇ ਸਵਾਲ ਉਠਾ ਰਹੇ ਹਨ। ਲੋਕਾਂ ਮੁਤਾਬਕ ਚੋਣਾਂ ਤੋਂ ਤੁਰੰਤ ਬਾਅਦ ਕਰੋਨਾ ਇਕਦਮ ਕਿਉਂ ਵਧਣ ਲੱਗਾ ਹੈ। ਕਿਸਾਨੀ ਸੰਘਰਸ਼ ’ਤੇ ਕਰੋਨਾ ਦੇ ਛਾਏ ਸਬੰਧੀ ਅਫਵਾਹਾਂ ਪਹਿਲਾਂ ਹੀ ਫੈਲਣ ਲੱਗੀਆਂ ਸਨ, ਜਿਨ੍ਹਾਂ ਦੇ ਹੁਣ ਪੁਖਤਾ ਹੋਣ ਦੇ ਦਾਅਵੇ ਕੀਤੇ ਜਾਣ ਲੱਗੇ ਹਨ।