ਡੇਰਾਬੱਸੀ: ਬਲਾਤਕਾਰ ਪੀੜਤਾ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿਚ ਮਹਿਲਾ ASI ਖ਼ਿਲਾਫ਼ ਕੇਸ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਰਿਸ਼ਵਤ ਲੈਂਦੀ ASI ਪ੍ਰਵੀਨ ਕੌਰ ਖਿਲਾਫ਼ ਮਾਮਲਾ ਦਰਜ

Derabassi: Case registered against woman ASI for taking bribe from rape victim

 

ਡੰਰਾਬੱਸੀ - ਚੰਡੀਗੜ੍ਹ ਨੇੜੇ ਡੇਰਾਬੱਸੀ ਵਿੱਚ ਇੱਕ ਮਹਿਲਾ ASI ਵੱਲੋਂ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਡੇਰਾਬੱਸੀ 'ਚ ਬਲਾਤਕਾਰ ਪੀੜਤਾ ਤੋਂ ਰਿਸ਼ਵਤ ਲੈਣ ਵਾਲੀ ਮਹਿਲਾ ਏਐਸਆਈ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਮਵਾਰ ਰਾਤ ਨੂੰ ਉਸ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ੀ ਮਹਿਲਾ ਏ.ਐਸ.ਆਈ ਪ੍ਰਵੀਨ ਕੌਰ 'ਤੇ ਇਹ ਕਾਰਵਾਈ ਏ.ਐਸ.ਪੀ ਡੇਰਾਬੱਸੀ ਡਾ.ਦਰਪਨ ਆਹਲੂਵਾਲੀਆ ਦੇ ਨਿਰਦੇਸ਼ਾਂ 'ਤੇ ਕੀਤੀ ਗਈ। ਵੀਡੀਓ ਅ੍ਰਪੈਲ ਮਹੀਨੇ ਦੀ ਹੈ। ਉਦੋਂ ਮੁਲਜ਼ਮ ਪ੍ਰਵੀਨ ਕੌਰ ਡੇਰਾਬੱਸੀ ਥਾਣੇ ਵਿਚ ਤਾਇਨਾਤ ਸੀ। ਇਸ ਸਮੇਂ ਉਹ ਪੁਲਿਸ ਲਾਈਨ ਵਿਚ ਤਾਇਨਾਤ ਹੈ। ਡੇਰਾਬੱਸੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਮਾਮਲੇ ਵਿਚ ਏਐਸਪੀ ਡੇਰਾਬੱਸੀ ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਵਾਇਰਲ ਹੋਈ ਵੀਡੀਓ ਵਿਚ ਏਐਸਆਈ ਪ੍ਰਵੀਨ ਕੌਰ ਵਰਦੀ ਵਿੱਚ ਇੱਕ ਔਰਤ ਦੇ ਘਰ ਬੈਠੀ ਹੈ ਅਤੇ ਉਸ ਤੋਂ ਪੈਸੇ ਲੈ ਰਹੀ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਪੁਲਿਸ ਕਰਮਚਾਰੀ ਕਿਸੇ ਕੰਮ ਦੇ ਬਦਲੇ ਔਰਤ ਤੋਂ ਪੈਸੇ ਲੈ ਰਹੀ ਹੈ। ਇਸ ’ਤੇ ਕਾਰਵਾਈ ਕਰਦਿਆਂ ਪ੍ਰਵੀਨ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। 

ਓਧਰ, ਪੀੜਤ ਔਰਤ ਨੇ ਦੋਸ਼ ਲਾਇਆ ਹੈ ਕਿ ਅਪ੍ਰੈਲ 2022 ਵਿੱਚ ਇੱਕ ਵਿਅਕਤੀ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਡੇਰਾਬੱਸੀ ਪੁਲਿਸ ਨੇ ਕੇਸ ਦਰਜ ਕਰਨ ਦੇ ਕਈ ਮਹੀਨੇ ਬਾਅਦ ਵੀ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਪੀੜਤਾ ਨੇ ਦੋਸ਼ ਲਾਇਆ ਕਿ ਉਹ ਮਾਮਲੇ ਦੀ ਕਾਰਵਾਈ ਨੂੰ ਲੈ ਕੇ ਡੇਰਾਬੱਸੀ ਥਾਣੇ ਦੇ ਗੇੜੇ ਮਾਰਦੀ ਰਹੀ, ਪਰ ਸੁਣਵਾਈ ਨਹੀਂ ਹੋਈ।

ਇਸ ਦੌਰਾਨ ਮਹਿਲਾ ਏਐਸਆਈ ਪ੍ਰਵੀਨ ਕੌਰ ਘਟਨਾ ਵਾਲੀ ਥਾਂ ਦਾ ਨਕਸ਼ਾ ਬਣਾਉਣ ਲਈ ਉਨ੍ਹਾਂ ਦੇ ਘਰ ਆਈ ਹੋਈ ਸੀ। ਇਸ ਦੌਰਾਨ ਉਸ ਕੋਲੋਂ 20 ਹਜ਼ਾਰ ਰੁਪਏ ਖੋਹ ਲਏ। ਇਸ ਤੋਂ ਬਾਅਦ ਉਸ ਨੇ 10 ਹਜ਼ਾਰ ਰੁਪਏ ਹੋਰ ਲੈ ਲਏ। ਜਦੋਂ ਉਹ ਡੀਆਈਜੀ ਕੋਲ ਕੇਸ ਸਬੰਧੀ ਰਿਪੋਰਟ ਦਰਜ ਕਰਵਾਉਣ ਗਈ ਤਾਂ ਪ੍ਰਵੀਨ ਕੌਰ ਨੇ ਉਸ ਦੀ ਕਾਰ ਮੰਗੀ ਤੇ ਲੈ ਗਈ। 

ਪੀੜਤਾ ਅਨੁਸਾਰ ਜਦੋਂ ਮਹਿਲਾ ਏਐਸਆਈ ਉਸ​ਦੇ ਘਰ ਆਈ ਤਾਂ ਉਸ ਦੇ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਚਾਲੂ ਸਨ ਅਤੇ ਉਸ ਤੋਂ ਪੈਸੇ ਲੈ ਕੇ ਆਪਣੀ ਜੇਬ ਵਿਚ ਰੱਖ ਰਹੀ ਸੀ। ਸਾਰੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ। ਇਸ ਤੋਂ ਪਹਿਲਾਂ ਉਨ੍ਹਾਂ ਡੇਰਾਬੱਸੀ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ।

ਇਸ ਤੋਂ ਬਾਅਦ ਉਸ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ। ਪੀੜਤ ਨੇ ਡੇਰਾਬੱਸੀ ਥਾਣੇ ’ਤੇ ਵੀ ਗੰਭੀਰ ਦੋਸ਼ ਲਾਏ ਹਨ। 
ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਪ੍ਰੋਗਰਾਮ ਵਿਚ ਪੁਲਿਸ ਵਿਚ ਬਿਹਤਰ ਸੇਵਾਵਾਂ ਦੇਣ ਲਈ ਇਲਾਕਾ ਵਿਧਾਇਕ ਕੁਲਜੀਤ ਰੰਧਾਵਾ ਅਤੇ ਐਸਡੀਐਮ ਹਿਮਾਂਸ਼ੂ ਗੁਪਤਾ ਵੱਲੋਂ ਦੋਸ਼ੀ ਮਹਿਲਾ ਏਐਸਆਈ ਪ੍ਰਵੀਨ ਕੌਰ ਨੂੰ ਸਨਮਾਨਿਤ ਕੀਤਾ ਗਿਆ।